ਅਮ੍ਰਿਤਸਰ-ਪਿਛਲੇ ਕੁੱਝ ਮਹੀਨਿਆਂ ਤੋਂ ਅਕਾਲੀ ਦਲ ਬਾਦਲ ਸਬੰਧੀ ਚੱਲ ਰਹੇ ਵਿਵਾਦ ਨੂੰ ਲੈਕੇ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਜਥੇਦਾਰਾਂ ਵੱਲੋਂ ਅਕਾਲ ਤਖਤ ਸਾਹਿਬ ਉੱਤੇ ਕੀਤੀ ਜਾ ਰਹੀ ਸੁਣਵਾਈ ਨੂੰ ਪੰਥਕ ਹਿਤਾਂ ਨਾਲ ਵੱਡਾ ਧੋਖਾ ਦੱਸਦਿਆਂ ਸਰਬੱਤ ਖਾਲਸਾ ਵੱਲੋਂ ਧਾਪੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਜਦੋਂ ਸੌਦਾ ਸਾਧ ਨੂੰ ਮਾਫੀ ਦਿੱਤੀ ਗਈ ਤਾਂ ਉਸ ਵੇਲੇ ਬਾਦਲ ਦਲ ਦੀ ਸਰਕਾਰ ਸੀ ਅਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਬਾਦਲ ਧੜੇ ਨਾਲ ਸਬੰਧਤ ਸੀ। ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਵੀ ਬਾਦਲਾਂ ਦੇ ਸਾਥੀ ਹੀ ਸਨ। ਬਾਦਲ ਸਰਕਾਰ ਅਤੇ ਇਹਨਾਂ ਸਭ ਦੇ ਹੁੰਦਿਆਂ ਹੀ 2015 ਵਿੱਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਐਲਾਨੀਆਂ ਬੇਅਦਬੀ ਅਤੇ ਹੋਰ ਵੀ ਬੇਅਦਬੀਆਂ ਹੋਈਆ। ਉਸ ਸਮੇਂ ਬਾਦਲ ਸਰਕਾਰ, ਬਾਦਲਾਂ ਦੀ ਬਣਾਈ ਸ਼੍ਰੋਮਣੀ ਕਮੇਟੀ ਜਾਂ ਜਥੇਦਾਰਾਂ ਨੇ ਬੇਅਦਬੀ ਕਰਨ ਵਾਲਿਆਂ ਉੱਤੇ ਕੋਈ ਕਾਰਵਾਈ ਕਰਨ ਦੀ ਥਾਂ ਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ। ਫਿਰ ਜਦੋਂ ਇਹ ਸਾਰੇ ਹੀ ਦੋਸ਼ੀ ਹਨ ਅਤੇ ਖਾਸ ਕਰਕੇ ਇਸ ਸ਼੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਵਿੱਚ ਕੌਮ ਰੱਦ ਕਰ ਚੁੱਕੀ ਹੈ ਤਾਂ ਫਿਰ ਇਹਨਾਂ ਕੋਲ ਕੋਈ ਹੱਕ ਨਹੀਂ ਕਿ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਕੌਮ ਦੇ ਫੈਸਲੇ ਲਵੇ। ਬੇਸ਼ੱਕ ਬਾਦਲ ਪਰਿਵਾਰ ਹੋਵੇ ਜਾਂ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਹਨ, ਇਹ ਸਿੱਧੇ ਰੂਪ ਵਿੱਚ ਦੋਸ਼ੀ ਹਨ। ਇਹਨਾਂ ਸਾਰਿਆਂ ਨੂੰ ਪੰਥ ਵੱਲੋਂ ਬਣਦੀ ਸਜ਼ਾ ਤਨਖਾਹ ਲੱਗਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕੋਲ ਪੇਸ਼ ਹੋਕੇ ਆਪਣਾ ਪੱਖ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਆਪਣੇ ਦੋਸ਼ੀ , ਆਪੇ ਸ਼ਿਕਾਇਤੀ, ਆਪਣੇ ਜੱਜ ਇਹ ਕਿਵੇਂ ਹੋ ਸਕਦਾ ਹਨ। ਭਾਈ ਮੰਡ ਨੇ ਕਿਹਾ ਕਿ ਅੱਜ ਸਿੱਖ ਪੰਥ ਸਭ ਕੁੱਝ ਜਾਣਦਾ ਅਤੇ ਸਮਝਦਾ ਹੈ। ਇਹਨਾਂ ਰੱਦ ਕੀਤੇ ਜਥੇਦਾਰਾਂ ਦਾ ਕੋਈ ਵੀ ਫੈਸਲਾ ਮੰਣਨਯੋਗ ਨਹੀਂ ਹੋਵੇਗਾ ਅਤੇ ਨਾ ਹੀ ਸਿੱਖਾਂ ਨੇ ਉਸ ਨੂੰ ਮਾਨਤਾ ਦੇਣੀ ਹੈ। ਭਾਈ ਮੰਡ ਨੇ ਸਰਬੱਤ ਖਾਲਸਾ ਨਾਲ ਸਬੰਧਤ ਧਿਰਾਂ ਨੂੰ ਸੁਚੇਤ ਕੀਤਾ ਕਿ ਉਹ ਇਹਨਾਂ ਰੱਦ ਕੀਤੇ ਲੋਕਾਂ ਦੇ ਪਿਛਲੱਗੂ ਨਾ ਬਣਨ, ਸਗੋਂ ਹੁਣ ਮੌਕਾ ਹੈ ਕਿ ਆਪਣੇ ਘਰ ਦੀ ਸਫਾਈ ਕਰੀਏ ਅਤੇ ਇਹਨਾਂ ਪੰਥ ਦੋਖੀਆਂ ਤੋਂ ਪੰਥਕ ਸੰਸਥਾਵਾਂ ਨੂੰ ਮੁਕਤ ਕਰਵਾਕੇ, ਪ੍ਰਬੰਧ ਪੰਥਕ ਹੱਥਾਂ ਵਿੱਚ ਲਿਆਉਣ ਲਈ ਉੱਦਮ ਕੀਤਾ ਜਾਵੇ। ਭਾਈ ਮੰਡ ਨੇ ਕਿਹਾ ਕਿ 2015 ਤੋਂ 2024 ਤੱਕ ਜਿਹੜੇ ਜਿਹੜੇ ਵੀ ਬਾਦਲ ਦਲ ਦਾ ਹਿੱਸਾ ਰਹੇ ਹਨ ਉਹ ਸਾਰੇ ਹੀ ਦੋਸ਼ੀ ਹਨ। ਕੋਈ ਵੀ ਇਹ ਭੁਲੇਖਾ ਨਾ ਰੱਖੇ ਕਿ ਹੁਣ ਕੌਮ ਦੇ ਅੱਖੀਂ ਘੱਟਾ ਪਾਕੇ ਕੋਈ ਮਿਸਟਰ ਕਲੀਨ ਬਣ ਸਕਦਾ ਹੈ। ਉਹਨਾਂ ਆਖਿਆ ਕਿ ਜਿਹੜਾ ਹਾਲ ਬਾਦਲ ਦਲ ਦਾ ਹੋਇਆ ਹੈ। ਇਹ ਹੀ ਹਾਲ ਭਵਿੱਖ ਵਿੱਚ ਗੁਰੂ ਦੋਖੀਆਂ ਦਾ ਹੋਣਾ ਹੈ। ਬੇਸ਼ੱਕ ਉਹ ਕਿੱਡੇ ਵੀ ਵੱਡੇ ਅਹੁਦਿਆਂ ਉੱਤੇ ਹੋਣ ਜਾਂ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਬਣ ਚੁੱਕੇ ਹਨ। ਗੁਰੂ ਸਾਹਿਬ ਜਦੋਂ ਨਿਆਂ ਕਰਦੇ ਹਨ ਤਾਂ ਫਿਰ ਪੂਰੀ ਤਰ੍ਹਾਂ ਹਿਸਾਬ ਕਿਤਾਬ ਬਰਾਬਰ ਹੁੰਦਾ ਹੈ। ਇੱਥੇ ਰਿਆਇਤ ਜਾਂ ਪੱਖਪਾਤ ਦੀ ਮਾਸਾ ਜਿੰਨੀ ਵੀ ਗੁੰਜ਼ਾਇਸ਼ ਨਹੀਂ ਹੋ ਸਕਦੀ। ਇਸ ਕਰਕੇ ਜਿਹੜੇ ਵਿਦਵਾਨ ਸੱਜਣ ਵੀ ਇਹਨਾਂ ਰੱਦ ਕੀਤੇ ਜਥੇਦਾਰਾਂ ਨੂੰ ਅਪੀਲਾਂ ਕਰ ਰਹੇ ਜਾਂ ਪੰਥ ਦੀਆਂ ਸਿਰਮੌਰ ਹਸਤੀਆਂ ਦੱਸ ਰਹੇ ਹਨ। ਉਹਨਾਂ ਨੂੰ ਇਹ ਬਰਗਾੜੀ ਦੀ ਬੇਅਦਬੀ ਅਤੇ ਬਹਿਬਲਕਲਾਂ ਵਰਗੇ ਗੋਲੀ ਕਾਂਡ ਜਾਂ ਸੌਦਾ ਦੀ ਮਾਫੀ ਅਤੇ 328 ਸਰੂਪਾਂ ਦਾ ਮੁੱਦਾ ਕਿਉਂ ਵਿਸਰ ਗਿਆ ਹੈ। ਭਾਈ ਮੰਡ ਨੇ ਕਿਹਾ ਕਿ ਇਸ ਵੇਲੇ ਪੰਥ ਨੂੰ ਇੱਕਮੁੱਠ ਹੋਣ ਦੀ ਲੋੜ ਹੈ ਕਿਉਂਕਿ ਜਿੱਥੇ ਸਰਕਾਰਾਂ ਵੱਲੋਂ ਜ਼ਬਰ ਦਾ ਚੱਕਰ ਤੇਜ਼ ਕਰ ਦਿੱਤਾ ਗਿਆ ਹੈ। ਉੱਥੇ ਸਾਡੇ ਘਰ ਵਿੱਚ ਵੀ ਸਾਜ਼ਿਸ਼ਾਂ ਹੋ ਰਹੀਆਂ ਹਨ। ਜਿਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ।