ਪੰਜਾਬ

ਬੰਬਾਂ ਦੀ ਕਹਾਣੀ ਘੜ ਕੇ ਲੋਕਾਂ ਵਿੱਚ ਦਹਿਸ਼ਤ ਫੈਲਾ ਰਹੇ ਹਨ ਬਾਜਵਾ-ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | April 15, 2025 09:32 PM

ਛਾਜਲੀ (ਸੰਗਰੂਰ)- ਪੰਜਾਬ ਵਿੱਚ 50 ਬੰਬ ਆਉਣ ਦੇ ਦਾਅਵੇ ਦਾ ਖੁਲਾਸਾ ਕਰਨ ਤੋਂ ਭੱਜਣ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਮੁੜ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਜਵਾ ਆਪਣੇ ਸੌੜੇ ਮੁਫਾਦ ਲਈ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਦੀ ਉਡੀਕ ਕਰ ਰਹੇ ਹਨ ਤਾਂ ਕਿ ਲੋਕਾਂ ਵਿੱਚ ਦਹਿਸ਼ਤ ਫੈਲਾਈ ਜਾ ਸਕੇ।
ਅੱਜ ਇੱਥੇ ‘ਸਕੂਲ ਆਫ ਐਮੀਨੈਂਸ’ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਬਾਜਵਾ ਕੋਲ ਬੰਬਾਂ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਹੈ ਤਾਂ ਉਹ ਇਸ ਨੂੰ ਜਨਤਕ ਕਰਨ ਤੋਂ ਝਿਜਕ ਕਿਉਂ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਬਾਜਵਾ ਇਹ ਬੰਬ ਚੱਲਣ ਦੀ ਉਡੀਕ ਵਿੱਚ ਬੈਠੇ ਹਨ ਕਿਉਂਕਿ ਉਹ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਦੀ ਆੜ ਵਿੱਚ ਸਿਆਸੀ ਰੋਟੀਆਂ ਸੇਕਣ ਦੀ ਤਾਕ ਵਿੱਚ ਬੈਠੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਨੇ ਪੰਜਾਬ ਦੇ ਅਮਨਪਸੰਦ ਲੋਕਾਂ ਵਿੱਚ ਬਿਨਾਂ ਕਿਸੇ ਆਧਾਰ ਤੋਂ ਦਹਿਸ਼ਤ ਫੈਲਾਈ ਹੈ ਅਤੇ ਜਦੋਂ ਸਰਕਾਰ ਨੇ ਬਾਜਵਾ ਦੇ ਇਸ ਗੁੰਮਰਾਹਕੁਨ ਬਿਆਨ ਦੇ ਖਿਲਾਫ਼ ਕੇਸ ਦਰਜ ਕੀਤਾ ਤਾਂ ਹੁਣ ਉਹ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਵਕੀਲਾਂ ਦੇ ਹਾੜੇ ਕੱਢ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਅਜਿਹੀ ਹੋਛੀ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਕੇ ਵੋਟਾਂ ਹਾਸਲ ਕਰਨ ਦਾ ਭਰਮ ਨਹੀਂ ਪਾਲਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਅਜਿਹੀ ਬੇਹੂਦਾ ਬਿਆਨਬਾਜੀ ਕਰਨ ਦੀ ਬਜਾਏ ਮੁੱਦਿਆਂ 'ਤੇ ਆਧਾਰਿਤ ਰਾਜਨੀਤੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਖੁਸ਼ਹਾਲੀ ਅਤੇ ਸੂਬੇ ਦੀ ਭਲਾਈ ਲਈ ਉਹ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ ਪਰ ਕੁਝ ਸਿਆਸੀ ਲੀਡਰਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਜਿਸ ਕਰਕੇ ਉਹ ਵਾਰ-ਵਾਰ ਮੇਰੇ ਖਿਲਾਫ਼ ਜ਼ਹਿਰ ਉਗਲ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਿਹੇ ਘਟੀਆ ਹੱਥਕੰਡੇ ਉਸ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ ਅਤੇ ਉਹ ਸੂਬੇ ਦੇ ਵਿਕਾਸ ਲਈ ਇਸ ਨੇਕ ਕਾਰਜ ਵਿੱਚ ਸਮਰਪਿਤ ਭਾਵਨਾ ਨਾਲ ਜੁਟੇ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ, “ਰਵਾਇਤੀ ਪਾਰਟੀਆਂ ਮੇਰੇ ਨਾਲ ਈਰਖਾ ਕਰਦੀਆਂ ਹਨ ਕਿਉਂਕਿ ਮੈਂ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹਾਂ। ਇਹ ਆਗੂ ਸੱਤਾ ਵਿੱਚ ਬਣੇ ਰਹਿਣ ਦਾ ਆਪਣਾ ਬੁਨਿਆਦੀ ਹੱਕ ਸਮਝਦੇ ਸਨ ਜਿਸ ਕਾਰਨ ਇਨ੍ਹਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਆਮ ਆਦਮੀ ਸੂਬੇ ਦਾ ਸ਼ਾਸਨਕਾਲ ਏਨੇ ਬਿਹਤਰ ਢੰਗ ਨਾਲ ਕਿਵੇਂ ਚਲਾ ਰਿਹਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਸੱਤਾ ਵਿੱਚ ਰਹਿਣ ਵਾਲੇ ਉਨ੍ਹਾਂ ਤੋਂ ਪਹਿਲੇ ਸਿਆਸੀ ਲੀਡਰਾਂ ਨੇ ਕਦੇ ਵੀ ਸੂਬੇ ਜਾਂ ਇੱਥੋਂ ਦੇ ਲੋਕਾਂ ਦਾ ਕੋਈ ਫਿਕਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਹੰਕਾਰੀ ਆਗੂਆਂ ਨੇ ਹਮੇਸ਼ਾ ਸੂਬੇ ਲਈ ਕੰਮ ਕਰਨ ਦੀ ਬਜਾਏ ਆਪਣੇ ਨਿੱਜੀ ਮੁਫਾਦ ਅਤੇ ਪਰਿਵਾਰਵਾਦ ਨੂੰ ਤਰਜੀਹ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਦਾ ਇਹ ਰਵੱਈਆ ਪੰਜਾਬ ਅਤੇ ਇਸ ਦੇ ਲੋਕਾਂ ਲਈ ਬਹੁਤ ਘਾਤਕ ਸਿੱਧ ਹੋਇਆ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਸਰਮਾਇਆ ਇਕੱਠਾ ਕੀਤਾ ਅਤੇ ਵੱਡੇ-ਵੱਡੇ ਮਹਿਲ ਉਸਾਰ ਲਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਲਾਂ ਦੀਆਂ ਕੰਧਾਂ ਉੱਚੀਆਂ ਹਨ ਅਤੇ ਦਰਵਾਜ਼ੇ ਆਮ ਤੌਰ ’ਤੇ ਲੋਕਾਂ ਲਈ ਬੰਦ ਰਹਿੰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਲੋਕਾਂ ਦੀ ਪਹੁੰਚ ਤੋਂ ਦੂਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਨੇ ਬਾਹਰ ਦਾ ਰਸਤਾ ਵਿਖਾਇਆ।
ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਸਿਆਸੀ ਤੌਰ ਉਤੇ ਨਾਕਾਮ ਹੋ ਚੁੱਕਾ ਸਿਆਸਤਦਾਨ ਹੈ ਜੋ ਆਪਣੇ ਬੱਜਰ ਗੁਨਾਹਾਂ ਦੀ ਸਜਾ ਭੁਗਤ ਰਿਹਾ ਹੈ। ਸੂਬੇ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਅਜਿਹੇ ਆਗੂਆਂ ਨੇ ਕਈ ਸਾਲ ਲੋਕਾਂ ਨੂੰ ਬੇਵਕੂਫ ਬਣਾਇਆ ਹੈ ਪਰ ਹੁਣ ਆਮ ਲੋਕਾਂ ਨੇ ਸਹੀ ਮਾਅਨਿਆਂ ਵਿੱਚ ਆਪਣੀ ਹੀ ਸਰਕਾਰ ਨੂੰ ਵੋਟਾਂ ਪਾ ਕੇ ਸੱਤਾ ਵਿਚ ਲਿਆਂਦਾ ਜੋ ਦਿਨ-ਰਾਤ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ
ਕਾਂਗਰਸ ਦੀ ਤਰਸਯੋਗ ਹਾਲਤ ਉਤੇ ਤਿੱਖਾ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਪਾਰਟੀ ਪਾਟੋ-ਧਾੜ ਦਾ ਸ਼ਿਕਾਰ ਹੋ ਚੁੱਕੀ ਹੈ ਜਿਸ ਕਰਕੇ ਇਸ ਦੇ ਲੀਡਰ ਇਕ-ਦੂਜੇ ਦੇ ਖਿਲਾਫ ਦੋਸ਼ ਮੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਲੀਡਰ ਪੰਜਾਬ ਦਾ ਭਲਾ ਸੋਚਣ ਦੀ ਬਜਾਏ ਆਪਣੀਆਂ ਅਹੁਦੇਦਾਰੀਆਂ ਬਚਾਉਣ ਵਿੱਚ ਲੱਗੇ ਰਹਿੰਦੇ ਹਨ।

 

Have something to say? Post your comment

 
 
 

ਪੰਜਾਬ

ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ’ਤੇ ਗੁਨਾਹ ਕਬੂਲ ਕੇ ਮੁੱਕਰਿਆ, ਲੋਕ ਕਦੇ ਵੀ ਮੁਆਫ ਨਹੀਂ ਕਰਨਗੇ-ਮਾਨ

ਕਾਂਗਰਸੀ ਸਰਪੰਚ ਵੱਲੋਂ ਸਾਥੀਆਂ ਸਮੇਤ “ਅਕਾਲੀ ਦਲ ਵਾਰਿਸ ਪੰਜਾਬ ਦੇ” ਨੂੰ ਸਮਰਥਨ ਦਾ ਐਲਾਨ

ਐਡਵੋਕੇਟ ਧਾਮੀ ਇਕ ਨੇਕ, ਇਮਾਨਦਾਰ ਤੇ ਕੁਸ਼ਲ ਪ੍ਰਬੰਧਕ - ਬਾਵਾ

ਅਕਾਲੀ ਦਲ ਬਾਦਲ ਨੇ ਐਡਵੋਕੇਟ ਧਾਮੀ ਨੂੰ ਮੁੜ ਪ੍ਰਧਾਨਗੀ ਪਦ ਦਾ ਉਮੀਦਵਾਰ ਐਲਾਨਿਆ-ਧਾਮੀ ਨੇ ਲੀਡਰਸ਼ਿਪ ਦਾ ਕੀਤਾ ਧੰਨਵਾਦ

‘ਯੁੱਧ ਨਸਿ਼ਆਂ ਵਿਰੁੱਧ’: 246ਵੇਂ ਦਿਨ, ਪੰਜਾਬ ਪੁਲਿਸ ਨੇ 90 ਨਸ਼ਾ ਤਸਕਰਾਂ ਨੂੰ 1.4 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਵੱਡੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀ.ਐਸ.ਟੀ. ਪ੍ਰਾਪਤੀ ਵਿੱਚ 21.51% ਦਾ ਵਾਧਾ: ਹਰਪਾਲ ਸਿੰਘ ਚੀਮਾ

ਭਾਜਪਾ ਨੇ ਆਪਣਾ ਪੰਜਾਬ ਵਿਰੋਧੀ ਚਿਹਰਾ ਦਿਖਾਇਆ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰ ਕੇ - ਮੁੱਖ ਮੰਤਰੀ ਭਗਵੰਤ ਮਾਨ

ਬਾਲ ਭੀਖ ਮੰਗਣ ਦੇ ਖ਼ਾਤਮੇ ਵੱਲ ਪੰਜਾਬ ਦਾ ਵੱਡਾ ਮਿਸ਼ਨ- ਡਾ. ਬਲਜੀਤ ਕੌਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ- ਲਾਈਟ ਐਂਡ ਸਾਊਂਡ ਸ਼ੋਅ ਦੀ 4 ਨਵੰਬਰ ਤੋਂ ਹੋਵੇਗੀ ਸ਼ੁਰੂਆਤ : ਤਰੁਨਪ੍ਰੀਤ ਸਿੰਘ ਸੌਂਦ

ਨਵੰਬਰ 1984 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ