ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਪਾਕਿਸਤਾਨ ਵੱਲੋਂ ਪੁਣਛ ਵਿਚ ਗੁਰਦੁਆਰਾ ਸਾਹਿਬ ਅਤੇ ਇਸ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨੀ ਫੌਜ ਦੀ ਇਹ ਹਰਕਤ ਬਹੁਤ ਕਾਇਰਾਨਾ ਹੈ ਜਿਸਦੀ ਜਿੰਨੇ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।
ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਪਾਕਿਸਤਾਨੀ ਫੌਜ ਦਾ ਮੁਕਾਬਲਾ ਭਾਰਤੀ ਫੌਜ ਨਾਲ ਹੈ ਪਰ ਬਜਾਏ ਫੌਜੀ ਠਿਕਾਣਿਆਂ ’ਤੇ ਹਮਲਾ ਕਰਨ ਦੇ ਪਾਕਿਸਤਾਨੀ ਫੌਜ ਨੇ ਇਕ ਗੁਰਦੁਆਰਾ ਸਾਹਿਬ ਅਤੇ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਬੇਹੱਦ ਸ਼ਰਮਨਾਕ ਹਰਕਤ ਹੈ। ਉਹਨਾਂ ਕਿਹਾ ਕਿ ਇਸ ਹਰਕਤ ਤੋਂ ਸਾਬਤ ਹੋ ਗਿਆ ਹੈ ਕਿ ਪਾਕਿਸਤਾਨੀ ਫੌਜ ਵਿਚ ਭਾਰਤੀ ਫੌਜ ਦਾ ਸਾਹਮਣਾ ਕਰਨ ਦੀ ਜੁਰੱਅਤ ਨਹੀਂ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ’ਤੇ ਹੋਏ ਹਮਲੇ ਵਿਚ ਸਾਡੇ 4 ਸਿੱਖ ਭਰਾ ਸ਼ਹੀਦ ਹੋ ਗਏ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪੀੜਤ ਪਰਿਵਾਰਾ ਨਾਲ ਦੁੱਖ ਸਾਂਝਾਂ ਕਰਦਿਆਂ ਹਮੇਸ਼ਾ ਉਹਨਾਂ ਦੇ ਨਾਲ ਖੜ੍ਹੀ ਹੈ ਤੇ ਜੋ ਵੀ ਪਰਿਵਾਰਾਂ ਨੂੰ ਲੋੜ ਹੈ, ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਉਹਨਾਂ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹਿਸਾਬ ਨਾਲ ਜਿਥੇ ਕਿਤੇ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਡਿਊਟੀ ਲਗਾਵੇਗੀ, ਅਸੀਂ ਪੂਰੀ ਤਨਦੇਹੀ ਨਾਲ ਅੱਗੇ ਹੋ ਕੇ ਉਹ ਡਿਊਟੀ ਪੂਰੀ ਕਰਾਂਗੇ। ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਵਾਸਤੇ ਹਮੇਸ਼ਾ ਦਿੱਲੀ ਗੁਰਦੁਆਰਾ ਕਮੇਟੀ ਮੋਹਰੀ ਸੀ, ਹੈ ਤੇ ਰਹੇਗੀ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਤਰੀਕੇ ਮਨੁੱਖਤਾ ਦੀ ਸੇਵਾ ਵਾਸਤੇ ਆਪ ਇਸ ਮੁਹਿੰਮ ਦੀ ਅਗਵਾਈ ਕਰਾਂਗੇ ਤੇ ਦੇਸ਼ ਨੂੰ ਦਰਪੇਸ਼ ਇਸ ਔਖੇ ਵੇਲੇ ਅਸੀਂ ਦੇਸ਼ ਤੇ ਕੌਮ ਦਾ ਡੱਟ ਕੇ ਸਾਥ ਦੇਵਾਂਗੇ।