ਅੰਮ੍ਰਿਤਸਰ - ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਨੇ ਭਾਰਤ ਪਾਕਿਸਤਾਨ ਵਿਚਾਲੇ ਬਣੇ ਜੰਗ ਦੇ ਹਲਾਤਾਂ ਤੇ ਗਹਿਰੀ ਚਿੰਤਾਂ ਪ੍ਰਗਟਾਈ ਹੈ। ਇਕ ਪ੍ਰੈਸ ਨੋਟ ਰਾਹੀਂ ਉਹਨਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਇਕ ਵਾਰ ਫਿਰ ਤਣਾਂਅ ਦੀ ਲਕੀਰ ਨੇ ਜੰਗੀ ਰੂਪ ਧਾਰਨ ਕਰ ਲਿਆ ਹੈ। ਅੰਤਰਰਾਸ਼ਟਰੀ ਮੀਡੀਆ ਅਤੇ ਭਾਰਤੀ ਸਰਕਾਰੀ ਸਰੋਤਾਂ ਤੋਂ ਮਿਲ ਰਹੀਆਂ ਰਿਪੋਰਟਾਂ ਅਨੁਸਾਰ ਦੋਹਾਂ ਪਾਸਿਆਂ ਵੱਲੋਂ ਸੈਨਾਂਵਾਂ ਦੀ ਤਾਇਨਾਤੀ, ਹਮਲੇ ਅਤੇ ਜਵਾਬੀ ਹਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਘੜੀ 'ਚ ਸਾਡੀ ਸਭ ਤੋਂ ਵੱਡੀ ਚਿੰਤਾ ਪੰਜਾਬ, ਕਸ਼ਮੀਰ ਅਤੇ ਸਰਹੱਦੀ ਇਲਾਕਿਆਂ ਦੇ ਆਮ ਲੋਕਾਂ ਲਈ ਹੈ ਜੋ ਹਮੇਸ਼ਾਂ ਹੀ ਜੰਗਾਂ ਅਤੇ ਤਣਾਅ ਦਾ ਪਹਿਲਾਂ ਨੁਕਸਾਨ ਭੁਗਤਦੇ ਆਏ ਹਨ। ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ। ਇਹ ਸਿਰਫ਼ ਮੌਤ ਤੇ ਤਬਾਹੀ ਹੀ ਹੁੰਦੀ ਹੈ ਇਸ ਤੋਂ ਇਲਾਵਾ ਕੁਝ ਨਹੀਂ। ਕੁਝ ਮੁੱਠੀ ਭਰ ਗਲਤ ਸੋਚ ਦੇ ਅੱਤਵਾਦੀਆਂ ਜਾਂ ਉਕਸਾਊ ਤਾਕਤਾਂ ਦੀਆਂ ਕਰਤੂਤਾਂ ਦੀ ਸਜ਼ਾ ਲੱਖਾਂ ਬੇਕਸੂਰ ਲੋਕਾਂ ਨੂੰ ਦੇਣੀ ਅਸੰਵਿਧਾਨਕ, ਅਨੈਤਿਕ ਅਤੇ ਬਿਲਕੁਲ ਬੇਸਮਝ ਕਾਰਵਾਈ ਹੈ। ਅਸੀਂ ਅੱਤਵਾਦ ਅਤੇ ਹਿੰਸਾ ਦੇ ਸਖ਼ਤ ਵਿਰੋਧੀ ਹਾਂ। ਅੱਤਵਾਦ ਜਾਂ ਹਿੰਸਾ ਕਿਸੇ ਪੱਖੋਂ ਹੋਵੇ ਉਹ ਮਨੁੱਖਤਾ ਦੇ ਖਿਲਾਫ਼ ਗੁਨਾਹ ਹੈ। ਪਰ ਅੱਤਵਾਦ ਦੇ ਜਵਾਬ 'ਚ ਜੰਗ ਕਰਨਾ, ਘਰਾਂ ਨੂੰ ਉਜਾੜਨਾ ਜਾਂ ਪੂਰੇ ਖੇਤਰ ਨੂੰ ਸਜ਼ਾ ਦੇਣਾ ਵੀ ਉਤਨਾ ਹੀ ਗ਼ਲਤ ਹੈ। ਦੋਹਾਂ ਮੁਲਕਾਂ ਵਿਚ ਇੱਕ ਵੱਡੀ ਗਿਣਤੀ 'ਚ ਨੌਜਵਾਨ ਪੀੜ੍ਹੀ ਨੂੰ ਹਥਿਆਰਾਂ ਦੀ ਥਾਂ ਕਲਮ, ਕੰਮ ਅਤੇ ਵਿਕਾਸ ਦੇ ਰਾਹ 'ਤੇ ਲੈ ਜਾਣ ਦੀ ਲੋੜ ਹੈ। ਸਾਡੀ ਮੰਗ ਹੈ ਤਣਾਅ ਨੂੰ ਤੁਰੰਤ ਘਟਾਇਆ ਜਾਵੇ ਅਤੇ ਅੰਤਰਰਾਸ਼ਟਰੀ ਸਤਰ 'ਤੇ ਸੰਵਾਦ ਸ਼ੁਰੂ ਕਰਵਾਇਆ ਜਾਵੇ। ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਸ਼ਾਂਤੀਦੂਤ ਇਹਨਾਂ ਹਲਾਤਾਂ ਨੂੰ ਸ਼ਾਂਤ ਕਰਨ ਲਈ ਅੱਗੇ ਆਉਣ। ਅੱਤਵਾਦ ਅਤੇ ਸਰਹੱਦੀ ਹਿੰਸਾ ਨੂੰ ਮਾਤ ਦੇਣ ਲਈ ਮਿਲਜੁਲ ਕੇ ਰਣਨੀਤੀਆਂ ਤਿਆਰ ਕੀਤੀਆਂ ਜਾਣ। ਸੂਚਨਾਂ ਮਾਧਿਅਮਾਂ ਵੱਲੋਂ ਜੰਗੀ ਉਕਸਾਵੇ ਦੀ ਥਾਂ ਅਮਨ ਤੇ ਸ਼ਾਤਮਈ ਭਾਸ਼ਾ ਵਰਤੀ ਜਾਵੇ। ਪੰਜਾਬ, ਕਸ਼ਮੀਰ ਅਤੇ ਹੋਰ ਸਰਹੱਦੀ ਇਲਾਕਿਆਂ 'ਚ ਸਿਵਲ ਸੁਰੱਖਿਆ ਅਤੇ ਸਹਾਇਤਾ ਲਈ ਵਾਧੂ ਇੰਤਜ਼ਾਮ ਕੀਤੇ ਜਾਣ। ਅਖੀਰ ਵਿੱਚ ਕਿਹਾ ਕਿ ਸਿੱਖ ਪੰਥ ਦੀ ਸਿੱਖਿਆ 'ਸਰਬੱਤ ਦਾ ਭਲਾ' ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਿਰਫ਼ ਆਪਣੇ ਲਈ ਨਹੀਂ, ਸਾਰੀ ਮਨੁੱਖਤਾ ਲਈ ਅਵਾਜ਼ ਬੁਲੰਦ ਕਰੀਏ। ਸਾਡੀ ਅਪੀਲ ਹੈ ਜੰਗ ਨਹੀਂ, ਇਨਸਾਫ਼ ਹੋਵੇ, ਹਿੰਸਾ ਨਹੀਂ, ਸੰਵਾਦ ਹੋਵੇ ਅਤੇ ਅੱਤਵਾਦ ਨਹੀਂ, ਅਮਨ ਹੋਵੇ।