ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਮੇਟੀ ਦੇ ਸਾਬਕਾ ਪ੍ਰਧਾਨਾਂ ਸਰਦਾਰ ਪਰਮਜੀਤ ਸਿੰਘ ਸਰਨਾ ਤੇ ਸਰਦਾਰ ਮਨਜੀਤ ਸਿੰਘ ਜੀ.ਕੇ. ਨੁੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਉਹ ਕਮੇਟੀ ਦੇ ਕੰਮਕਾਜ ਦੇ ਮੁੱਦੇ ’ਤੇ ਉਹਨਾਂ ਦੀ ਮਰਜ਼ੀ ਦੇ ਚੈਨਲ, ਉਹਨਾਂ ਦੀ ਮਰਜ਼ੀ ਦੀ ਤਾਰੀਕ ਅਤੇ ਥਾਂ ’ਤੇ ਉਹਨਾਂ ਨਾਲ ਬਹਿਸ ਕਰਨ ਵਾਸਤੇ ਤਿਆਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਖੁਦ ਸਰਦਾਰ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਦਾ ਪ੍ਰਧਾਨ ਹੁੰਦਿਆਂ ਕੀਤੇ ਭ੍ਰਿਸ਼ਟਾਚਾਰ ਬਾਰੇ ਵੀਡੀਓਜ਼ ਪਾ ਕੇ ਸੰਗਤ ਨੂੰ ਜਾਣਕਾਰੀ ਦਿੱਤੀ ਸੀ। ਉਹਨਾਂ ਕਿਹਾ ਕਿ ਅੱਜ ਇਹ ਦੋਵੇਂ ਇਕ ਪਾਰਟੀ ਬਾਦਲ ਦਲ ਦੇ ਬੈਨਰ ਹੇਠ ਇਕੱਠੇ ਹੋ ਗਏ ਹਨ। ਉਹਨਾਂ ਕਿਹਾ ਕਿ ਦੋਵੇਂ ਜਣੇ ਝੂਠ ਬੋਲਣ ਵਿਚ ਇਕ ਦੂਜੇ ਦੇ ਉਸਤਾਦ ਹਨ, ਜੋ ਸੰਗਤ ਵੇਖ ਹੀ ਰਹੀ ਹੈ। ਉਹਨਾਂ ਕਿਹਾ ਕਿ ਉਹ ਦੋਵਾਂ ਨੂੰ ਇਹ ਬੇਨਤੀ ਕਰਦੇ ਹਨ ਕਿ ਉਹਨਾਂ ਦੀ ਮਰਜ਼ੀ ਦੇ ਦਿਨ ਅਤੇ ਥਾਂ ’ਤੇ ਉਹ ਕਿਸੇ ਵੀ ਤਰੀਕੇ ਦੀ ਬਹਿਸ ਵਾਸਤੇ ਤਿਆਰ ਹਨ ਕਿ ਕਮੇਟੀ ਦੇ ਕੰਮਕਾਜ ਨੂੰ ਕਿਸਨੇ ਚੁਸਤ ਦਰੁਸਤ ਕੀਤਾ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਜਿਥੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਮੇਟੀ ਪ੍ਰਧਾਨ ਹੁੰਦਿਆਂ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਜਿਸਨੂੰ ਖੁਦ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਉਜਾਗਰ ਕੀਤਾ, ਉਥੇ ਹੀ ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਵੀ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਜਿਸਦੇ ਕੇਸ ਸੰਗਤ ਦੇ ਸਾਹਮਣੇ ਹਨ। ਉਹਨਾਂ ਕਿਹਾ ਕਿ ਇਹ ਦੋਵੇਂ ਹੁਣ ਨਵੇਂ ਤੋਂ ਨਵਾਂ ਝੂਠ ਪੇਸ਼ ਕਰ ਕੇ ਆਪਣੇ ਆਪ ਨੂੰ ਪਾਕਿ ਸਾਫ ਦੱਸਣਾ ਚਾਹੁੰਦੇ ਹਨ ਪਰ ਸੰਗਤ ਜਾਣਦੀ ਹੈ ਕਿ ਇਹਨਾਂ ਦੋਵਾਂ ਨੇ ਕਮੇਟੀ ਪ੍ਰਧਾਨ ਹੁੰਦਿਆਂ ਕਿਵੇਂ ਵਿਆਪਕ ਪੱਧਰ ’ਤੇ ਭ੍ਰਿਸ਼ਟਾਚਾਰ ਕੀਤਾ, ਸੰਗਤ ਨੂੰ ਗੁੰਮਰਾਹ ਕੀਤਾ ਅਤੇ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕੀਤੀ। ਉਹਨਾਂ ਕਿਹਾ ਕਿ ਉਹ ਜਨਤਕ ਬਹਿਸ ਵਾਸਤੇ ਤਿਆਰ ਬਰ ਤਿਆਰ ਹਨ ਤੇ ਇਹਨਾਂ ਦੋਵਾਂ ਨੂੰ ਸੰਗਤ ਦੇ ਸਾਹਮਣੇ ਬੇਨਕਾਬ ਕਰਨਗੇ। ਉਹਨਾਂ ਨੇ ਦੋਵਾਂ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸੰਗਤ ਦੇ ਸਾਹਮਣੇ ਇਸ ਬਹਿਸ ਵਾਸਤੇ ਅੱਗੇ ਆਉਣ ਤਾਂ ਜੋ ਸੰਗਤ ਨੂੰ ਹੋਰ ਵੀ ਚਾਨਣਾ ਹੋ ਸਕੇ ਕਿ ਇਹਨਾਂ ਨੇ ਕਿਵੇਂ ਸੰਗਤ ਦੇ ਪੈਸੇ ਦੀ ਦੁਰਵਰਤੋਂ ਕੀਤੀ ਤੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ।