ਨਵੀਂ ਦਿੱਲੀ - ਭਾਰਤ- ਪਾਕਿਸਤਾਨ ਸਰਹੱਦ 'ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕੁਝ ਬਾਜ਼ਾਰਾਂ ਨੇ ਸ਼ਾਮ 6 ਵਜੇ ਤਕ ਬਾਜ਼ਾਰ ਖੁਲੇ ਰੱਖਣ ਦਾ ਫੈਸਲਾ ਲਿਆ ਹੈ, ਪਰ ਇਸ ਸਬੰਧੀ ਸਦਰ ਬਾਜ਼ਾਰ ਵਪਾਰੀ ਐਸੋਸੀਏਸ਼ਨ ਨੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਫੈਡਰੇਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ਪ੍ਰਧਾਨ ਰਾਕੇਸ਼ ਯਾਦਵ, ਜਨਰਲ ਸਕੱਤਰ ਸਤਪਾਲ ਸਿੰਘ ਮੰਗਾ, ਕਮਲ ਕੁਮਾਰ, ਰਾਜੇਂਦਰ ਸ਼ਰਮਾ, ਖਜ਼ਾਨਚੀ ਦੀਪਕ ਮਿੱਤਲ ਸਮੇਤ ਕਈ ਵਪਾਰੀ ਮੌਜੂਦ ਸਨ। ਇਸ ਮੌਕੇ ਸਾਰੇ ਵਪਾਰੀਆਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਕੋਈ ਸਰਕਾਰੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਹੁੰਦੇ, ਸਦਰ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹਾ ਰਹੇਗਾ।
ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਬਾਜ਼ਾਰ ਨੂੰ ਜਲਦੀ ਬੰਦ ਕਰਨ ਨਾਲ ਘਬਰਾਹਟ ਵਾਲੇ ਫੈਸਲੇ ਲਏ ਜਾਣਗੇ ਅਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਵੇਗਾ ਅਤੇ ਇਸ ਕਾਰਨ ਦਿੱਲੀ ਤੋਂ ਬਾਹਰੋਂ ਆਉਣ ਵਾਲੇ ਵਪਾਰੀ ਵੀ ਨਹੀਂ ਆਉਣਗੇ। ਉਨ੍ਹਾਂ ਕਿਹਾ, ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਮੁੱਖ ਮੰਤਰੀ ਰੇਖਾ ਗੁਪਤਾ, ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਅਤੇ ਹੋਰ ਬਹੁਤ ਸਾਰੇ ਅਧਿਕਾਰੀ ਅਤੇ ਨੇਤਾ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਜੇਕਰ ਸਰਕਾਰ ਵਲੋਂ ਇਸ ਸੰਬੰਧੀ ਕੋਈ ਦਿਸ਼ਾ- ਨਿਰਦੇਸ਼ ਆਉਂਦੇ ਹਨ, ਤਾਂ ਅਸੀਂ ਉਨ੍ਹਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ।