ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਹੀ ਇਸ ਗੱਲ ਦੇ ਧਾਰਨੀ ਹਨ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਜੰਗ ਨਹੀਂ ਲੱਗਣੀ ਚਾਹੀਦੀ ਅਤੇ ਇਸ ਸਬੰਧੀ ਉਨ੍ਹਾਂ ਨੇ ਬੀਤੇ ਕੱਲ੍ਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਬੇਨਤੀ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਜੰਗਬੰਦੀ ਲਈ ਦੇਸ਼ ਅਤੇ ਵਿਦੇਸ਼ ਦੇ ਜਿਹੜੇ ਵੀ ਆਗੂਆਂ ਨੇ ਅਹਿਮ ਭੂਮਿਕਾ ਨਿਭਾਈ ਹੈ ਉਸਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਖ਼ਿੱਤੇ ਨੂੰ ਜੰਗ ਦੀ ਨਹੀਂ ਬਲਕਿ ਸ਼ਾਂਤੀ ਤੇ ਭਾਈਚਾਰਕ ਸਾਂਝ ਅਤੇ ਲਗਭਗ 70 ਸਾਲਾਂ ਦੇ ਸਿੱਖ ਮਿਸਲ ਤੇ ਰਾਜ ਕਾਲ ਤੋਂ ਸਬਕ ਲੈਣ ਦੀ ਲੋੜ ਹੈ ਨਾ ਕਿ ਬੀਤੇ ਵਿੱਚ ਹੋਈਆਂ ਗਲਤੀਆਂ ਨੂੰ ਦੁਹਰਾਉਣ ਦੀ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਜੁਲਮ ਅਤੇ ਅੱਤਿਆਚਾਰ ਦੇ ਖਿਲਾਫ਼ ਡਟ ਕੇ ਖੜ੍ਹਦੀ ਰਹੀ ਹੈ ਅਤੇ ਦੇਸ਼ ਦੀ ਰੱਖਿਆ ਲਈ ਵੀ ਸਿੱਖਾਂ ਦੀ ਭੂਮਿਕਾ ਮੋਹਰੀ ਹੈ। ਉਨ੍ਹਾਂ ਕਿਹਾ ਕਿ ਜੰਗ ਮਨੁੱਖਤਾ ਲਈ ਘਾਤਕ ਹੈ ਜਿਸ ਵਿੱਚ ਬੇਗੁਨਾਹਾਂ ਦੀਆਂ ਜਾਨਾਂ ਜਾਂਦੀਆਂ ਹਨ, ਇਸ ਲਈ ਦੋਵੇਂ ਧਿਰਾਂ ਨੂੰ ਹਰ ਮਸਲਾ ਗੱਲਬਾਤ ਰਾਹੀਂ ਹੀ ਹੱਲ ਕਰਨਾ ਚਾਹੀਦਾ ਹੈ।
ਦੂਜੇ ਪਾਸੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਰਾਜ ਭਵਨ ਵਿਖੇ ਸਥਿਤ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਸਰਵ ਧਰਮ ਬੈਠਕ ਬੁਲਾਈ ਸੀ, ਜਿਸ ਵਿੱਚ ਸ਼ਮੂਲੀਅਤ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਸੱਦਾ ਪੁੱਜਿਆ ਸੀ। ਜਥੇਦਾਰ ਗੜਗੱਜ ਨੇ ਇਸ ਬੈਠਕ ਵਿੱਚ ਜਸਕਰਨ ਸਿੰਘ ਮੀਡੀਆ ਸਲਾਹਕਾਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਤੌਰ ਨੁਮਾਇੰਦਾ ਭੇਜ ਕੇ ਆਪਣੇ ਵਿਚਾਰ ਰਾਜਪਾਲ ਪੰਜਾਬ ਨਾਲ ਸਾਂਝੇ ਕੀਤੇ।
ਪੰਜਾਬ ਰਾਜ ਭਵਨ ਵਿਖੇ ਬੈਠਕ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇਹ ਵਿਚਾਰ ਰੱਖੇ ਗਏ ਕਿ ਪੰਜਾਬ ਲੜਾਈ ਦਾ ਜ਼ੋਨ ਨਹੀਂ ਬਣਨਾ ਚਾਹੀਦਾ, ਕਿਉਂਕਿ ਇੱਥੇ ਸਿੱਖਾਂ ਦੀ ਵਿਰਾਸਤ ਅਤੇ ਜਾਨ ਤੋਂ ਪਿਆਰੇ ਧਾਰਮਿਕ ਅਸਥਾਨ ਮੌਜੂਦ ਹਨ, ਜਿਨ੍ਹਾਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਖ਼ਾਸਕਰ ਸਿੱਖਾਂ ਤੇ ਹਿੰਦੂਆਂ ਨੇ ਸੰਨ 1947 ਤੋਂ ਲੈ ਕੇ ਹੁਣ ਤੱਕ ਬਹੁਤ ਵੱਡੇ ਨੁਕਸਾਨ ਝੱਲੇ ਹਨ। ਵੱਡੀ ਗਿਣਤੀ ਵਿੱਚ ਪਵਿੱਤਰ ਗੁਰਧਾਮ ਵੰਡ ਸਮੇਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਜਿਨ੍ਹਾਂ ਦੇ ਦਰਸ਼ਨਾਂ ਲਈ ਹਰ ਸਿੱਖ ਡੂੰਘੀ ਤਾਂਘ ਰੱਖਦਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਹਿੰਦੂ ਮੰਦਰ ਵੀ ਉਸ ਪਾਸੇ ਰਹਿ ਗਏ ਸਨ।
ਉਨ੍ਹਾਂ ਵਿਚਾਰ ਰੱਖਿਆ ਕਿ ਸਥਿਤੀ ਨੂੰ ਲੜਾਈ ਵਾਲੇ ਪਾਸੇ ਨਹੀਂ ਵਧਣ ਦੇਣਾ ਚਾਹੀਦਾ, ਇਸ ਨੂੰ ਕੂਟਨੀਤਕ ਪੱਧਰ ਉੱਤੇ ਸੰਯੁਕਤ ਰਾਸ਼ਟਰ ਸੰਗਠਨ ਅਤੇ ਅਮਰੀਕਾ ਜਿਹੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਵਿੱਚ ਪਾ ਕੇ ਤੁਰੰਤ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਪਹਿਲਾਂ ਹੀ ਕਰਜ਼ੇ ਵਿੱਚ ਡੁੱਬਿਆ ਹੈ ਅਤੇ ਜੰਗ ਨਾਲ ਵਿੱਤੀ ਸੰਕਟ ਹੋਰ ਵਧੇਗਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਾਨੂੰ ਬਾਬਾ ਬਘੇਲ ਸਿੰਘ ਦਿੱਲੀ ਫ਼ਤਿਹ ਮਿਸਲ ਕਾਲ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਆਦਰਸ਼ਕ ਰਾਜ ਤੋਂ ਸਿੱਖਣ ਦੀ ਲੋੜ ਹੈ, ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ ਅਤੇ ਹੋਰ ਭਾਈਚਾਰੇ ਆਪਸੀ ਸਾਂਝ ਨਾਲ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਇੱਥੇ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਇਤਿਹਾਸ ਵਿੱਚ ਕੀਤੀਆਂ ਗਲਤੀਆਂ ਤੋਂ ਸਿੱਖਿਆ ਲਈਏ ਨਾ ਕਿ ਉਨ੍ਹਾਂ ਨੂੰ ਦਹੁਰਾਈਏ।
ਉਨ੍ਹਾਂ ਕਿਹਾ ਕਿ ਲਗਭਗ 70 ਸਾਲਾਂ ਦੇ ਸਿੱਖ ਮਿਸਲ ਤੇ ਰਾਜ ਕਾਲ ਵਿੱਚ ਸਾਰੇ ਭਾਈਚਾਰਿਆਂ ਵਿੱਚ ਆਪਸੀ ਸਦਭਾਵਨਾ ਇਸ ਖ਼ਿੱਤੇ ਵਿੱਚ ਕਾਇਮ ਹੋਈ ਸੀ ਅਤੇ ਉਸ ਤੋਂ ਬਾਅਦ ਦੇ ਸਮੇਂ ਵਿੱਚ ਇੱਥੇ ਅਜਿਹੀ ਫ਼ਿਰਕਾਪ੍ਰਸਤੀ ਪੈਦਾ ਕੀਤੀ ਗਈ, ਜਿਸ ਦੇ ਨਤੀਜੇ ਅੱਜ ਅਸੀਂ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਜੰਗ ਲੱਗਦੀ ਹੈ ਤਾਂ ਮੌਜੂਦਾ ਸਮੇਂ ਨਤੀਜੇ ਬਹੁਤ ਗੰਭੀਰ ਤੇ ਮਾੜੇ ਹੋਣਗੇ, ਕਿਉਂਕਿ ਦੋਵੇਂ ਦੇਸ਼ ਹੁਣ ਪ੍ਰਮਾਣੂ ਤਾਕਤਾਂ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਸਰਕਾਰਾਂ ਚਾਹੁੰਦੀਆਂ ਹਨ ਕਿ ਇਸ ਖਿੱਤੇ ਵਿੱਚ ਸ਼ਾਂਤੀ ਸਥਾਪਤ ਹੋਵੇ ਤਾਂ ਇਸ ਲਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਸੰਦਰਭ ਵਿੱਚ ਸਿੱਖਾਂ ਨੂੰ ਅਹਿਮ ਭੂਮਿਕਾ ਨਿਭਾਉਣ ਦੇਣੀ ਚਾਹੀਦੀ ਹੈ ਅਤੇ ਸਾਂਝੇ ਯਤਨਾਂ ਨਾਲ ਵਿਸਾਰੇ ਗਏ ਸਿੱਖ ਇਤਿਹਾਸ ਨੂੰ ਉਭਾਰਨ ਦੀ ਵੱਡੀ ਲੋੜ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਭਾਈਚਾਰਕ ਸਾਂਝ ਕਾਇਮ ਰਹਿਣੀ ਅਤਿ ਜ਼ਰੂਰੀ ਹੈ ਤਾਂ ਜੋ ਇਸ ਖ਼ਿੱਤੇ ਦੇ ਲੋਕ ਸੁਖੀ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਪੰਜਾਬ ਦੇ ਲੋਕਾਂ ਦੀ ਲਗਾਤਾਰ ਮੰਗ ਰਹੀ ਹੈ ਕਿ ਪਾਕਿਸਤਾਨ ਨਾਲ ਲੱਗਦੇ ਬਾਰਡਰਾਂ ਨੂੰ ਦੁਵੱਲੇ ਵਪਾਰ ਲਈ ਖੋਲ੍ਹਿਆ ਜਾਵੇ ਤਾਂ ਜੋ ਇਸ ਖ਼ਿੱਤੇ ਦੀ ਤਰੱਕੀ ਹੋ ਸਕੇ ਅਤੇ ਇੱਥੇ ਪੈਦਾ ਹੁੰਦੀਆਂ ਫਸਲਾਂ ਨੂੰ ਉੱਧਰ ਵੇਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਦੇਸ਼ ਆਪਸ ਵਿੱਚ ਕੁੜੱਤਣ ਵਾਲਾ ਮਾਹੌਲ ਖਤਮ ਨਹੀਂ ਕਰਦੇ ਤਾਂ ਇਹ ਇਸ ਖ਼ਿੱਤੇ ਦੀ ਖੁਸ਼ਹਾਲੀ ਲਈ ਵੱਡੀ ਅੜਚਨ ਹੈ।
ਬੈਠਕ ਦੌਰਾਨ ਉਨ੍ਹਾਂ ਸਿੱਖ ਕੌਮ ਦਾ ਨੁਮਾਇੰਦਾ ਆਗੂ ਹੋਣ ਵਜੋਂ ਇਹ ਸੰਦੇਸ਼ ਦਿੱਤਾ ਕਿ ਸਿੱਖ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਡੱਟ ਕੇ ਖੜ੍ਹੇ ਹਨ ਅਤੇ ਸਿੱਖਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਸਿੱਖ ਜਵਾਨ ਦੇਸ਼ ਦੀ ਰੱਖਿਆ ਲਈ ਬਾਰਡਰਾਂ ਉੱਤੇ ਹਿੱਕ ਡਾਹ ਕੇ ਖੜ੍ਹੇ ਹਨ ਅਤੇ ਪੰਜਾਬ ਉਹ ਸੂਬਾ ਹੈ ਜਿੱਥੇ ਦੇਸ਼ ਦੀਆਂ ਸਭ ਤੋਂ ਵੱਧ ਜੰਗੀ ਵਿਧਵਾਵਾਂ ਹਨ।