ਨਵੀਂ ਦਿੱਲੀ -ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਉਲੀਕਿਆ ਗਿਆ "ਗੁਰੂਬਾਣੀ ਚੇਤਨਾ ਕੰਠ ਲਹਿਰ" ਪ੍ਰੋਗਰਾਮ ਬਹੁਤ ਹੀ ਚੜ੍ਹਦੀਕਲਾ ਨਾਲ ਸਮਾਪਤ ਹੋਇਆ ਸੀ ਜਿਸ ਵਿਚ ਪੰਜ ਸੌ ਤੋਂ ਵੱਧ ਬੱਚਿਆਂ ਨੇ ਵੱਖ ਵੱਖ ਵੱਡੇ ਛੋਟੇ ਇਨਾਮ ਜਿੱਤ ਕੇ ਗੁਰੂ ਦੇ ਦੱਸੇ ਰਾਹ ਤੇ ਚਲਣ ਲਈ ਪ੍ਰੇਰਿਤ ਹੋਏ ਸਨ । ਇਸ ਬਾਰੇ ਜਾਣਕਾਰੀ ਦੇਂਦਿਆ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਇਸ ਉਲੀਕੇ ਗਏ ਪ੍ਰੋਗਰਾਮ ਵਿਚ ਬਹੁਤ ਸਾਰੇ ਬੱਚੇ ਜੋ ਹਿੱਸਾ ਲੈਣ ਤੋਂ ਵਾਂਝੇ ਰਹਿ ਗਏ ਸਨ ਅਤੇ ਹੋਰ ਬਹੁਤ ਸਾਰੇ ਪਰਿਵਾਰਾਂ ਵਲੋਂ ਵੀ ਸਾਨੂੰ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਚਲਦਾ ਰੱਖਣ ਲਈ ਸੁਨੇਹੇ ਮਿਲ ਰਹੇ ਹਨ । ਸੰਗਤਾਂ ਵਲੋਂ ਮਿਲ ਰਹੇ ਉਤਸ਼ਾਹ ਨੂੰ ਦੇਖਦਿਆਂ ਅਸੀਂ "ਗੁਰੂਬਾਣੀ ਚੇਤਨਾ ਕੰਠ ਲਹਿਰ" ਦਾ ਅਗਲਾ ਪ੍ਰੋਗਰਾਮ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਕਰ ਰਹੇ ਹਾਂ ਇਕ ਨਿਵੇਕਲੇ ਅੰਦਾਜ਼ ਵਿਚ ਪੇਸ਼ ਕਰਾਂਗੇ ਤੇ ਇਸ ਦੀ ਰੂਪ ਰੇਖਾ ਬਾਰੇ ਜਲਦ ਹੀ ਸੰਗਤਾਂ ਨੂੰ ਦਸਿਆ ਜਾਏਗਾ ਜਿਸ ਨਾਲ ਸੰਗਤਾਂ ਸਮੇਂ ਸਿਰ ਆਪਣੇ ਫਾਰਮ ਨੂੰ ਭਰ ਕੇ ਪ੍ਰੋਗਰਾਮ ਵਿਚ ਹਿੱਸਾ ਲੈ ਸਕਣ । ਪਰਮਜੀਤ ਸਿੰਘ ਵੀਰ ਜੀ ਨੇ ਦਸਿਆ ਕਿ ਮਨੁੱਖ ਵਿੱਚ ਤਬਦੀਲੀ ਜਾਂ ਸੁਧਾਰ ਤਾਂ ਹੀ ਆ ਸਕਦਾ ਹੈ ਜੇ ਮਨੁੱਖ ਗੁਰਬਾਣੀ ਨਾਲ ਜੁੜੇ ਅਤੇ ਓਸ ਦੇ ਆਸੇ ਆਦੇਸ਼ਾਂ ਉਪਰ ਚਲਣ ਦਾ ਉਪਰਾਲਾ ਕਰੇ । ਸਿੱਖੀ ਦਾ ਇਹ ਆਧਾਰ, ਮਨੁੱਖ ਨੂੰ ਸਫਲ ਜੀਵਨ ਦੇ ਵਿਕਾਸ ਦੀ ਦਿਸ਼ਾਂ ਵਲ ਲੈ ਜਾਂਦਾ ਹੈ, ਮਨ ਅੰਦਰ ਕੋਈ ਵੈਰ ਵਿਰੋਧ ਨਹੀਂ ਰਹਿੰਦਾਂ ਹੈ। ਗੁਰੂ ਸਾਹਿਬ ਜੀ ਨੇ ਦੱਸਿਆ ਹੈ ਕਿ ਅਕਾਲ ਪੁਰਖੁ ਨੂੰ ਪਾਉਣ ਦਾ ਤਰੀਕਾ ਸਿਰਫ ਉਸ ਨਾਲ ਪ੍ਰੇਮ ਹੀ ਹੈ। ਜਿਹੜੇ ਅਕਾਲ ਪੁਰਖੁ ਨਾਲ ਪ੍ਰੇਮ ਕਰਦੇ ਹਨ, ਉਨ੍ਹਾਂ ਨਾਲ, ਉਹ ਉਸ ਤੋ ਵੀ ਕਈ ਗੁਣਾ ਜਿਆਦਾ ਪਿਆਰ ਕਰਦਾ ਹੈ। ਜੀਵਨ ਵਿੱਚ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲਣ ਤੇ ਉਸ ਦੇ ਨਾਲ ਪ੍ਰੇਮ ਦੀ ਖੇਲ ਖੇਲਣ ਲਈ, ਗੁਰੂ ਸਾਹਿਬ ਦੇ ਦੱਸੇ ਗਏ ਮਾਰਗ ਤੇ ਚਲਣਾ ਬਹੁਤ ਜਰੂਰੀ ਹੈ। ਇਸ ਲਈ ਅਸੀਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਵੱਖ ਵੱਖ ਉਪਰਾਲੇ ਕਰਦੇ ਰਹਿੰਦੇ ਹਾਂ । ਜਿਕਰਯੋਗ ਹੈ ਕਿ ਬੀਤੇ ਦਿਨ ਭਾਈ ਪਰਮਜੀਤ ਸਿੰਘ ਵੀਰਜੀ, ਗੁਰਵਿੰਦਰ ਸਿੰਘ ਅਤੇ ਬੀਬੀ ਰਵਿੰਦਰ ਕੌਰ ਨੂੰ ਗੁਰਦੁਆਰਾ ਸਾਹਿਬ ਉਦੈ ਵਿਹਾਰ ਦੇ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਾਸਤੇ ਕੀਤੇ ਗਏ ਉਪਰਾਲੇ ਸਦਕਾ ਸਨਮਾਨਿਤ ਕੀਤਾ ਗਿਆ ਸੀ ।