ਅੰਮ੍ਰਿਤਸਰ- ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਬੀਆਂ ਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 16 ਮਈ ਨੂੰ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪੂਰਨ ਸਰਧਾ ਸਤਿਕਾਰ ਤੇ ਨਿਮਰ ਭਾਵਨਾ ਨਾਲ ਮਨਾਇਆ ਜਾਵੇਗਾ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਸੁਖਮਨੀ ਸੇਵਾ ਸੁਸਾਇਟੀ ਦੇ ਮੁਖੀ ਬੀਬੀ ਪਰਮਜੀਤ ਕੌਰ ਪੰਮਾ ਦੇ ਜਥੇ ਸਮੇਤ ਹੋਰ ਵੀ ਵੱਖ-ਵੱਖ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਬੀਬੀਆਂ ਇਸ ਗੁਰਮਤਿ ਸਮਾਗਮ ਵਿੱਚ ਸਮੂਲੀਅਤ ਕਰਨਗੀਆਂ। ਗੁਰਦੁਆਰਾ ਸਾਹਿਬ ਵੱਲੋਂ ਗੁਰੂ ਕੇ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੀਆਂ ਸੇਵਾਵਾਂ ਅਤੁੱਟ ਚੱਲਣਗੀਆਂ। ਉਨ੍ਹਾਂ ਕਿਹਾ ਕਿ ਬੀਬੀਆਂ ਦੇ ਜਥਿਆਂ ਵੱਲੋਂ ਗੁ: ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਪ੍ਰਵਾਹ ਨਿਰੰਤਰ ਚੱਲ ਰਹੇ ਹਨ ਸੰਗਰਾਂਦ ਦਿਹਾੜਾ ਅਤੇ ਮਹੀਨੇ ਵਿੱਚ ਆਉਂਦੇ ਪੁਰਬਾਂ ਨੂੰ ਵਖਰੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਹਰਪ੍ਰੀਤ ਕੌਰ, ਬੀਬੀ ਸੁਖਜੀਤ ਕੌਰ ਰੋਜੀ ਸਮੇਤ ਹੋਰ ਬੀਬਆਂ ਨੇ ਰੱਲ ਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਾਲ ਵਿਚਾਰ ਵਟਾਦਰਾ ਕੀਤਾ ਸੀ ਉਪਰੰਤ ਉਪਰੋਕਤ ਸਮਾਗਮ ਸਬੰਧੀ ਰੂਪ ਰੇਖਾ ਬਨਾਉਣ ਲਈ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਬਾਬਾ ਭਗਤ ਸਿੰਘ ਤੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨਾਲ ਮੀਟਿੰਗ ਕਰਕੇ ਅੰਤਿਮ ਰੂਪ ਦਿਤਾ ਗਿਆ।