ਅੰਮ੍ਰਿਤਸਰ - ਪੰਥਕ ਰਾਜਨੀਤੀ ਦੇ ਕਾਲੇ ਅਧਿਆਏ ਵਿਚ ਇਕ ਹੋਰ ਨਵਾਂ ਅਧਿਆਏ ਉਸ ਵੇਲੇ ਜੁੜ ਗਿਆ ਜਦ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰੇ ਆਣ ਖਲੋਤੇ। ਦੋਵੇ ਧਿਰਾਂ ਆਪਣੇ ਆਪਣੇ ਫੈਸਲੇ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਹੋਇਆ ਫੈਸਲਾ ਦਸ ਰਹੀਆਂ ਹਨ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਵਲੋਂ ਬੀਤੇ ਕਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਧਨੌਲਾ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਸਾਜਿਸ਼ ਘਾੜਾ ਦਸ ਕੇ ਤਨਖਾਹੀਆ ਕਰਾਰ ਦੇਣ ਮਾਮਲੇ ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਪਿਆਰੇ ਸਿੰਘਾਂ ਨੇ ਇਕ ਆਦੇਸ਼ ਜਾਰੀ ਕਰਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਦੇ ਫੈਸਲੇ ਨੂੰ ਸਿਰੇ ਤੋ ਖਾਰਜ ਕਰਦਿਆਂ ਇਸ ਫੈਸਲੇ ਨੂੰ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ, ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ, ਗੈਰ ਸਿਧਾਤਕ ਅਤੇ ਗੈਰ ਵਾਜਿਬ ਦਸਿਆ।ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਿੰਘਾਂ ਦੀ ਇਕ ਵਿਸੇ਼ਸ਼ ਇਕਤਰਤਾ ਹੋਈ ਗਜਿਸ ਵਿਚ ਭਾਈ ਸੁਖਦੇਵ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਰਛਪਾਲ ਸਿੰਘ, ਭਾਈ ਸੰਦੀਪ ਸਿੰਘ ਅਤੇ ਭਾਈ ਕੁਲਵੰਤ ਸਿੰਘ ਸ਼ਾਮਲ ਹੋਏ।ਇਨਾਂ ਪੰਜ ਪਿਆਰੇ ਸਿੰਘਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੇ ਅਰਦਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਨ ਸਾਹਮਣੇ ਪੰਜ ਪਿਆਰੇ ਸਿੰਘਾਂ ਦੇ ਵਲੋ ਬੋਲਦਿਆਂ ਭਾਈ ਕੁਲਵੰਤ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਗ੍ਰੰਥੀ ਸਿੰਘਾਂ ਦਾ ਫੈਸਲਾ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ, ਸਿੱਖ ਕੌਮ ਦਾ ਅਕਸ ਖਰਾਬ ਕਰਨ ਵਾਲਾ, ਗੈਰ ਸਿਧਾਤਕ ਅਤੇ ਗੈਰ ਵਾਜਿਬ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜਦ ਤੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਣਾ ਕੀਤੀ ਹੈ ਇਹ ਸਿੱਖ ਜਗਤ ਵਿਚ ਸਰਬਉੱਚ ਹੈ। ਉਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਹੋਏ ਫੈਸਲਿਆਂ ਨੂੰ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਸਵਿਕਾਰ ਕਰਦੀ ਹੈ।ਪੰਜ ਪਿਆਰੇ ਸਿੰਘਾਂ ਨੇ ਆਪਣਾ ਬਿਆਨ ਜਾਰੀ ਕਰਕੇ ਕਿਸੇ ਵੀ ਸਵਾਲ ਦਾ ਜਵਾਬ ਨਹੀ ਦਿੱਤਾ। ਅਜਿਹੇ ਹਲਾਤਾਂ ਵਿਚ ਪੰਜ ਪਿਆਰੇ ਸਿੰਘਾਂ ਦੀ ਹੌਂਦ ਹਸਤੀ ਤੇ ਪ੍ਰਸ਼ਨ ਚਿੰਨ ਲਗਦਾ ਨਜਰ ਆ ਰਿਹਾ ਹੈ।