ਅੰਮ੍ਰਿਤਸਰ - ਕੇਂਦਰੀ ਜੇਲ੍ਹ ਪਟਿਆਲਾ ਵਿਚ ਨਜਰਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਕ ਪੱਤਰ ਲਿਖ ਕੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਏ ਜਾਣ ਦਾ ਵਿਰੋਧ ਕੀਤਾ ਹੈ। ਪੱਤਰ ਵਿਚ ਭਾਈ ਰਾਜੋਆਣਾ ਨੇ ਐਡਵੋਕੇਟ ਧਾਮੀ ਨੂੰ ਸਵਾਲ ਕੀਤਾ ਕਿ ਡਾਕਟਰ ਮਨਮੋਹਨ ਸਿੰਘ ਦੇ ਜੀਵਨ ਤੋ ਸਾਨੂੰ ਅਤੇ ਅਗਲੀਆਂ ਪੀੜੀਆਂ ਤੋ ਕੀ ਪ੍ਰੇਰਣਾ ਮਿਲਦੀ ਹੈ। ਉਨਾ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਨੇ ਖ਼ਾਲਸਾ ਪੰਥ ਲਈ ਕੀ ਕੀਤਾ ਹੈ।ਉਹ ਸਾਰੀ ਜਿੰਦਗੀ ਉਸ ਗਾਂਧੀ ਪਰਵਾਰ ਦੇ ਜੀ ਹਜੂਰੀਏ ਬਣ ਕੇ ਰਹੇ ਜਿਸ ਗਾਂਧੀ ਪਰਵਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ, 1984 ਵਿਚ ਦਿੱਲੀ ਸਮੇਤ ਪੂਰੇ ਭਾਰਤ ਵਿਚ ਸਿੱਖਾਂ ਦੀ ਨਸਲਕੁਸ਼ੀ ਕਰਵਾਈ, ਸਿੱਖਾਂ ਦੇ ਕਾਤਲ ਸਜਨ ਕੁਮਾਰ ਤੇ ਜਗਦੀਸ਼ ਟਾਇਟਲਰ ਨਾਲ ਸਟੇਜਾਂ ਸਾਂਝੀਆਂ ਕੀਤੀਆਂ। ਉਨਾਂ ਐਡਵੋਕੇਟ ਧਾਮੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ। ਉਨਾਂ ਲਿਖਿਆ ਕਿ ਪ੍ਰਧਾਨ ਮੰਤਰੀ ਬਨਣਾਂ ਹੀ ਉਨਾ ਦੀ ਪ੍ਰਾਪਤੀ ਹੈ ਤੇ ਉਨਾਂ ਦੀ ਤਸਵੀਰ ਲਗਾਈ ਜਾਵੇਗੀ ਤਾਂ ਕਲ ਨੂੰ ਬੇਅੰਤ ਸਿੰਘ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੀ ਮੰਗ ਉਠੇਗੀ। ਉਨਾਂ ਇਸ ਮਾਮਲੇ ਤੇ ਪੰਥਕ ਲੀਡਰਸਿ਼ਪ ਦੀ ਖਾਮੋਸ਼ੀ ਤੇ ਵੀ ਇਤਰਾਜ ਕੀਤਾ। ਉਨਾਂ ਲਿਖਿਆ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਚ ਕੇਵਲ ਉਨਾਂ ਸਖਸ਼ੀਅਤਾਂ ਦੀਆਂ ਤਸਵੀਰਾਂ ਹੀ ਲਗਾਈਆਂ ਜਾਣ ਜਿੰਨਾ ਦੇ ਜੀਵਨ ਤੋ ਅਗਲੀਆ ਪੀੜੀਆਂ ਨੂੰ ਪ੍ਰੇਰਣਾ ਮਿਲਦੀ ਹੋਵੇ।