ਅੰਮ੍ਰਿਤਸਰ-ਖਾਲਸਾ ਕਾਲਜ ਪਬਲਿਕ ਸਕੂਲ, ਜੀ. ਟੀ. ਰੋਡ ਦੀਆਂ ਵਿਦਿਆਰਥਣਾਂ ਨੇ ਜੂਨੀਅਰ ਜਿਮਨਾਸਟਿਕ ਏਸ਼ੀਅਨ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਸਕੂਲ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ ਨੇ ਉਕਤ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਅਨੁਮੀਤ ਕੌਰ, ਹਸਰਤ ਅਤੇ ਪ੍ਰੀਤੀ ਨੇ ਸਿੰਗਾਪੁਰ ਵਿਖੇ ਕਰਵਾਈ ਗਈ ਉਕਤ ਚੈਂਪੀਅਨਸ਼ਿਪ ’ਚ ਭਾਰਤੀ ਟੀਮ ਵੱਲੋਂ ਖੇਡਦਿਆਂ ਉਕਤ ਚੈਂਪੀਅਨਸ਼ਿਪ ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਉਨ੍ਹਾਂ ਡੀ. ਪੀ. ਈ. ਸ: ਗੁਰਪ੍ਰੀਤ ਸਿੰਘ ਦੀ ਮੌਜ਼ੂਦਗੀ ’ਚ ਦੱਸਿਆ ਕਿ ਉਕਤ ਮੁਕਾਬਲੇ ’ਚ ਆਸਟਰੇਲੀਆ, ਚੀਨ, ਹਾਂਗਕਾਂਗ, ਭਾਰਤ, ਇੰਡੋਨੇਸ਼ੀਆ, ਜਾਪਾਨ, ਕਜ਼ਾਕਿਸਤਾਨ, ਕਿਰਗਿਸਤਾਨ, ਲਾਓਸ, ਮਲੇਸ਼ੀਆ, ਮੰਗੋਲੀਆ, ਨਿਊਜ਼ੀਲੈਂਡ, ਫਿਲੀਪੀਨਜ਼, ਸਿੰਗਾਪੁਰ, ਸੀਰੀਆ, ਕੁਵੈਤ, ਥਾਈਲੈਂਡ, ਚੀਨੀ ਤਾਈਪੇ, ਉਜ਼ਬੇਕਿਸਤਾਨ ਆਦਿ ਸਮੇਤ ਕਰੀਬ 20 ਦੇਸ਼ਾਂ ਤੋਂ ਟੀਮਾਂ ਨੇ ਭਾਗ ਲਿਆ।
ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ’ਚ ਭਾਰਤੀ ਟੀਮ ਨੇ 7ਵਾਂ ਰੈਂਕ ਪ੍ਰਾਪਤ ਕੀਤਾ ਹੈ।ਉਨ੍ਹਾਂ ਨੇ ਕੋਚ ਦੁਆਰਾ ਕਰਵਾਏ ਸਖਤ ਅਭਿਆਸ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਭਵਿੱਖ ’ਚ ਸਿਖ਼ਰਾਂ ਛੂਹਣ ਦੀ ਕਾਮਨਾ ਕਰਦਿਆਂ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ।