ਨਵੀਂ ਦਿੱਲੀ- ਪੰਜਾਬ ਦੇ ਖਣਨ ਤੇ ਭੂ-ਵਿਗਿਆਨ ਅਤੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸੂਬੇ ਅੰਦਰ ਪੋਟਾਸ਼ ਸਬੰਧੀ ਸਰਵੇਖਣ ਦੇ ਕੰਮ ਨੂੰ ਜਲਦ ਮੁਕੰਮਲ ਕੀਤੇ ਜਾਣ ਨੂੰ ਲੈ ਕੇ ਅੱਜ ਕੇਂਦਰੀ ਕੋਲਾ ਤੇ ਖਣਨ ਮੰਤਰੀ ਸ੍ਰੀ ਜੀ. ਕਿਸ਼ਨ ਰੈਡੀ ਨਾਲ ਇਥੋਂ ਦੇ ਸ਼ਾਸਤਰੀ ਭਵਨ ਵਿਖੇ ਅਹਿਮ ਮੁਲਾਕਾਤ ਕੀਤੀ ਗਈ।
ਮੀਟਿੰਗ ਦੌਰਾਨ ਸ੍ਰੀ ਗੋਇਲ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਪੋਟਾਸ਼ ਦੁਰਲਭ ਖਣਿਜ ਹੈ ਜਿਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਨੂੰ ਇਸ ਦਾ ਬਾਹਰੋਂ ਆਯਾਤ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਹਿਬ ਅਤੇ ਫਾਜ਼ਿਲਕਾ ਦੇ ਖੇਤਰਾਂ ਵਿਚੋਂ ਇਸ ਖਣਿਜ ਦੇ ਭੰਡਾਰ ਮਿਲੇ ਹਨ। ਉਨ੍ਹਾਂ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਸੂਬੇ ਅੰਦਰ ਇਸ ਸਬੰਧੀ ਪੂਰਨ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਜੀਓ ਸਰਵੇਖਣ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣ ਦੀ ਜ਼ਰੂਰਤ ਹੈ। ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਸੰਜੀਦਾ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਦੀ ਕੜੀ ਤਹਿਤ ਹੀ ਪੰਜਾਬ ਸਰਕਾਰ ਪੋਟਾਸ਼ ਸਬੰਧੀ ਸਰਵੇਖਣ ਜਲਦ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਲਗਾਤਾਰ ਰਾਬਤਾ ਰੱਖ ਰਹੀ ਹੈ ਤਾਂ ਜੋ ਇਸ ਜ਼ਰੀਏ ਮੁਲਕ ਨੂੰ ਪੋਟਾਸ਼ ਪੱਖੋਂ ਆਤਮ-ਨਿਰਭਰ ਬਣਾਉਣ ਸਣੇ ਸੂਬੇ ਦੀ ਆਰਥਿਕਤਾ ਨੂੰ ਹੋਰ ਮਜ਼ਬੂਤੀ ਦਿੱਤੀ ਜਾ ਸਕੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਸ੍ਰੀ ਰੈਡੀ ਵੱਲੋਂ ਸੂਬੇ ਦੀ ਮੰਗ ਨੂੰ ਲੈ ਕੇ ਭਰਵਾਂ ਤੇ ਉਸਾਰੂ ਹੁੰਗਾਰਾ ਭਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਨੇ ਆਪਣੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਐਕਸ਼ਨ ਪਲਾਨ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਹਨ ਤਾਂ ਜੋ ਸ੍ਰੀ ਮੁਕਤਸਰ ਸਹਿਬ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ ਪੈਂਦੇ ਖੇਤਰਾਂ ਵਿਚ ਸਰਵੇਖਣ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ। ਸ੍ਰੀ ਗੋਇਲ ਨੇ ਕਿਹਾ ਕਿ ਪੰਜਾਬ ਵਿਚ ਪੋਟਾਸ਼ ਦੇ ਭੰਡਾਰ ਹੋਣ ਸਬੰਧੀ 1985 ਵਿਚ ਹੀ ਪਤਾ ਲੱਗ ਗਿਆ ਸੀ ਪਰ ਉਸ ਉਪਰੰਤ ਬਣੀਆਂ ਸੂਬਾ ਸਰਕਾਰਾਂ ਨੇ ਇਸ ਅਹਿਮ ਪਹਿਲੂ ਸਬੰਧੀ ਅੱਖਾਂ ਮੀਟੀ ਰੱਖੀਆਂ ਜਿਸ ਕਾਰਨ ਇਸ ਸਬੰਧੀ ਲੋੜ ਅਨੁਸਾਰ ਸਰਵੇਖਣ ਅਤੇ ਡਰਿਲਿੰਗ ਦਾ ਕੰਮ ਨਾ ਹੋ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਖਣਿਜ ਦੀ ਖੋਜ ਸਬੰਧੀ ਕੰਮ ਵਿਚ ਤੇਜ਼ੀ ਲਿਆਉਣ ਲਈ ਪੂਰੇ ਸੰਜੀਦਾ ਯਤਨ ਕਰ ਰਹੀ ਹੈ ਜਿਸ ਨਾਲ ਸੂਬੇ ਦੀ ਤਰੱਕੀ ਲਈ ਹੋਰ ਵਸੀਲੇ ਜੁਟਾਏ ਜਾ ਸਕਣਗੇ। ਸ੍ਰੀ ਗੋਇਲ ਨੇ ਦੱਸਿਆ ਕਿ ਪੋਟਾਸ਼ ਨੂੰ ਲੈ ਕੇ ਉਨ੍ਹਾਂ ਵੱਲੋਂ ਪਹਿਲਾਂ ਵੀ ਸ੍ਰੀ ਰੈਡੀ ਨਾਲ ਉੜੀਸਾ ਵਿਖੇ ਮੁਲਾਕਾਤ ਕੀਤੀ ਗਈ ਸੀ। ਸ੍ਰੀ ਗੋਇਲ ਨੇ ਕਿਹਾ ਕਿ ਫਿਲਹਾਲ ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿਚ 10 ਥਾਵਾਂ 'ਤੇ ਹੀ ਡਰਿਲਿੰਗ ਹੋਈ ਹੈ ਅਤੇ ਸਰਵੇਖਣ ਨਾਲ ਹੋਰ ਖੇਤਰਾਂ ਵਿਚ ਵੀ ਇਸ ਖਣਿਜ ਦੇ ਭੰਡਾਰਾਂ ਬਾਰੇ ਪਤਾ ਲਗ ਸਕੇਗਾ।
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਪੋਟਾਸ਼ ਦੇ ਭੰਡਾਰ ਮਿਲਣ ਨਾਲ ਪੰਜਾਬ ਆਪਣੀ ਤਰੱਕੀ ਦੇ ਨਾਲ-ਨਾਲ ਭਾਰਤ ਨੂੰ ਵੀ ਇਸ ਪੱਖੋਂ ਆਤਮ ਨਿਰਭਰ ਬਣਾਉਣ ਵਿਚ ਅਹਿਮ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਪਾਉਣ ਅਤੇ ਬਾਅਦ ਵਿਚ ਖ਼ੁਰਾਕ ਪੱਖੋਂ ਪੰਜਾਬ ਨੇ ਮੁਲਕ ਨੂੰ ਆਤਮ-ਨਿਰਭਰ ਬਣਾਇਆ ਅਤੇ ਹੁਣ ਉਮੀਦ ਹੈ ਕਿ ਇਹ ਸੂਬਾ ਖਣਿਜ ਪੱਖੋਂ ਵੀ ਅਹਿਮ ਯੋਗਦਾਨ ਪਾਵੇਗਾ। ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਮਾਈਨਿੰਗ ਖੇਤਰ ਨੂੰ ਦਰਪੇਸ਼ ਹੋਰ ਸਮੱਸਿਆਵਾਂ ਬਾਰੇ ਵੀ ਜਾਣੂ ਕਰਵਾਇਆ ਜਿਸ 'ਤੇ ਕੇਂਦਰੀ ਮੰਤਰੀ ਸ੍ਰੀ ਜੀ. ਕਿਸ਼ਨ ਰੈਡੀ ਨੇ ਕਿਹਾ ਕਿ ਪੰਜਾਬ ਵਿੱਚ ਛੇਤੀ ਹੀ ਕੇਂਦਰੀ ਅਤੇ ਸੂਬਾਈ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਕਰਵਾਈ ਜਾਵੇਗੀ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਰਣਨੀਤੀ ਉਲੀਕੀ ਜਾਵੇਗੀ।
ਸ੍ਰੀ ਗੋਇਲ ਨੇ ਕੇਂਦਰੀ ਮੰਤਰੀ ਵੱਲੋਂ ਪੰਜਾਬ ਵਿੱਚ ਪੋਟਾਸ਼ ਦੇ ਸਰਵੇਖਣ ਬਾਰੇ ਐਕਸ਼ਨ ਪਲਾਨ ਤਿਆਰ ਕਰਨ ਸਣੇ ਖਣਨ ਖੇਤਰ ਸਬੰਧੀ ਮੁੱਦਿਆਂ ਬਾਰੇ ਹਾਂ-ਪੱਖੀ ਹੁੰਗਾਰਾ ਭਰਨ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਬਰਿੰਦਰ ਕੁਮਾਰ ਗੋਇਲ ਨਾਲ ਖਣਨ ਤੇ ਭੂ-ਵਿਗਿਆਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ ਅਤੇ ਡਾਇਰੈਕਟਰ ਸ੍ਰੀ ਅਭਿਜੀਤ ਕਪਲਿਸ਼ ਵੀ ਮੌਜੂਦ ਸਨ।