ਨਵੀਂ ਦਿੱਲੀ - ਅਖੰਡ ਕੀਰਤਨੀ ਜੱਥੇ ਦੇ ਬਾਨੀ ਅਤੇ ਪੰਥ ਦੀ ਸੋਨ ਚਿੜੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਤੇ ਉਨ੍ਹਾਂ ਦੇ ਸੰਗੀ ਸਾਥੀਆਂ ਦੀ ਯਾਦ ਵਿਚ ਦਿੱਲੀ ਵਿਖ਼ੇ ਹਰ ਸਾਲ ਯਾਦਗਾਰੀ ਅਖੰਡ ਕੀਰਤਨ ਸਮਾਗਮ ਕਰਵਾਏ ਜਾਂਦੇ ਹਨ ਜੋ ਕਿ ਇਸ ਵਾਰ ਵੀਂ ਚੜ੍ਹਦੀਕਲਾ ਨਾਲ ਸੰਪੂਰਨ ਹੋਏ । ਸਮਾਗਮ ਦੀ ਸ਼ੁਰੂਆਤ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖ਼ੇ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਨਾਲ ਹੋਈ ਉਪਰੰਤ ਗੁਰੂਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿਖ਼ੇ ਸਵੇਰ ਸ਼ਾਮ ਦੇ ਦੀਵਾਨ ਸਜਾਏ ਗਏ ਸਨ ਤੇ ਬੀਤੇ ਸ਼ਨੀਵਾਰ ਨੂੰ ਕੀਰਤਨ ਰੈਣ ਸਬਾਈ ਹੋਏ ਸਨ । ਸਮਾਗਮ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜ ਕੇ ਲਾਹਾ ਪ੍ਰਾਪਤ ਕੀਤਾ ਜਿਸ ਵਿਚ ਆਸਟ੍ਰੇਲਿਆ ਤੋਂ ਭਾਈ ਮਨਜੀਤ ਸਿੰਘ ਦਿਆਲਪੁਰ, ਭਾਈ ਭਰਪੂਰ ਸਿੰਘ, ਭਾਈ ਗੁਰਮੀਤ ਸਿੰਘ ਧਾਲੀਵਾਲ, ਭਾਈ ਕੁਲਵੰਤ ਸਿੰਘ ਕਾਕੀਪਿੰਡ ਸਮੇਤ ਵਡੀ ਗਿਣਤੀ ਅੰਦਰ ਕੀਰਤਨੀਏ ਸਿੰਘ ਸਿੰਘਣੀਆਂ ਨੇ ਹਾਜ਼ਿਰੀ ਭਰੀ ਸੀ । ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਦਾ ਇੰਤਜਾਮ ਗੁਰੂ ਨਾਨਕ ਪਬਲਿਕ ਸਕੂਲ ਵਿਖ਼ੇ ਕੀਤਾ ਗਿਆ ਸੀ । ਇਸ ਮੌਕੇ ਦਿੱਲੀ ਅਖੰਡ ਕੀਰਤਨੀ ਜੱਥੇ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਦਸਿਆ ਕਿ ਗ਼ਦਰ ਲਹਿਰ (1913) ਨੇ ਅਨੇਕਾਂ ਦੇਸ਼ ਭਗਤ ਪੈਦਾ ਕੀਤੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੇ ਉਲੀਕੇ ਨਿਸ਼ਾਨਿਆਂ ’ਤੇ ਚੱਲਦਿਆਂ ਤਸੀਹੇ ਝੱਲੇ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਆਪਣੀ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਯੋਧਿਆਂ ’ਚੋਂ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਅਜਿਹੀ ਸ਼ਖਸੀਅਤ ਹਨ, ਜਿਨ੍ਹਾਂ ਨੇ ਗ਼ਦਰ ਲਹਿਰ ਦੀ ਜਾਗ ਭਾਰਤੀ ਲੋਕਾਂ ਵਿਚ ਲਾਈ ਤੇ ਅੰਗਰੇਜ਼ ਹਕੂਮਤ ਵਿਰੁੱਧ ਕ੍ਰਾਂਤੀਕਾਰੀ ਗਤੀਵਿਧੀਆਂ ਵਿਚ ਸਰਗਰਮ ਹਿੱਸਾ ਲੈਣ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਕੈਦ ਕੱਟਣੀ ਪਈ। 1914 ਵਿਚ ਜਦੋਂ ਗੁਰਦੁਆਰਾ ਰਕਾਬਗੰਜ ਦਿੱਲੀ ਦੀ ਦੀਵਾਰ ਢਾਹੁਣ ਦੀ ਘਟਨਾ ਵਾਪਰੀ। ਉਦੋਂ ਭਾਈ ਰਣਧੀਰ ਸਿੰਘ ਜੀ ਪਹਿਲੇ ਸਤਿਆਗ੍ਰਹੀ ਦੇ ਤੌਰ ’ਤੇ ਜਥਾ ਲੈ ਕੇ 3 ਮਈ, 1914 ਈ: ਵਿਚ ਲਾਹੌਰ ਪਹੁੰਚੇ। 21 ਫਰਵਰੀ, 1915 ਨੂੰ ਗ਼ਦਰ ਦੀ ਤਾਰੀਖ਼ ਨਿਸ਼ਚਿਤ ਕੀਤੀ ਗਈ ਪਰ ਕਿਸੇ ਗੱਦਾਰ ਨੇ ਸਾਰਾ ਭੇਦ ਪਹਿਲਾਂ ਹੀ ਬ੍ਰਿਟਿਸ਼ ਸਰਕਾਰ ਕੋਲ ਪਹੁੰਚਾ ਦਿੱਤਾ। ਮਗਰੋਂ ਅੰਗਰੇਜ਼ੀ ਸਰਕਾਰ ਨੇ ਐਸਾ ਦਮਨ ਚੱਕਰ ਚਲਾਇਆ ਕਿ ਗ਼ਦਰ ਲਹਿਰ ਦੇ ਸਰਗਰਮ ਆਗੂਆਂ ਸਮੇਤ ਭਾਈ ਰਣਧੀਰ ਸਿੰਘ ਜੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਗ਼ਦਰੀ ਆਗੂਆਂ ਦੀ ਹਰ ਮੀਟਿੰਗ ਵਿਚ ਹਿੱਸਾ ਲੈਣ ਨੂੰ ਤਤਪਰ ਸਨ ਪਰ ਕਿਸੇ ਅਮੀਰ ਦੇ ਘਰ ਡਕੈਤੀ ਕਰਕੇ ਰੁੁਪਿਆ ਇੱਕਠਾ ਕਰਨਾ ਪਾਪ ਸਮਝਦੇ ਸਨ। ਦੂਜੇ ਲਾਹੌਰ ਸਾਜਿਸ਼ ਕੇਸ ਵਿਚ ਜਿਨ੍ਹਾਂ 48 ਆਜ਼ਾਦੀ ਦੇ ਪ੍ਰਵਾਨਿਆਂ ਨੂੰ ਉਮਰ ਕੈਦ ਹੋਈ, ਭਾਈ ਸਾਹਿਬ ਉਨ੍ਹਾਂ ਵਿੱਚੋਂ ਇਕ ਸਨ। ਮਗਰੋਂ ਭਾਈ ਸਾਹਿਬ ਨੂੰ 30 ਮਾਰਚ, 1916 ’ਚ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਕੈਦ ਕੀਤਾ ਗਿਆ। ਇਥੇ ਉਹ ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਸਾਥੀਆਂ ਨਾਲ ਇੱਕਠੇ ਹੋ ਗਏ। ਭਾਈ ਸਾਹਿਬ ਦੁਆਰਾ 13 ਮਈ ਤਕ ਕਰੀਬ 40 ਦਿਨ ਭੁੱਖ-ਹੜਤਾਲ ਕੀਤੀ ਗਈ। ਵੱਖ ਵੱਖ ਜੇਲ੍ਹਾਂ ਅੰਦਰ ਸਮਾਂ ਬਤੀਤ ਕਰਦਿਆਂ ਉਨ੍ਹਾਂ ਨੇ "ਗੁਰਮਤਿ ਬਿਬੇਕ ਅਤੇ ਮਹਾਂਕਾਵਿ ‘ਜੋਤਿ ਵਿਗਾਸ’ ਲਿਖਿਆ। ਭਾਈ ਸਾਹਿਬ ਦੀ ਬਦੌਲਤ ਹੀ ਸਿੰਘਾਂ ਨੂੰ ਜੇਲ੍ਹਾਂ ਵਿਚ ਦਸਤਾਰੇ ਸਜਾਣ ਦੀ ਆਗਿਆ ਮਿਲੀ ਅਤੇ ਕੜੇ, ਕਛਹਿਰੇ ਵੀ ਮਿਲੇ। ਆਖ਼ਰ 16 ਵਰ੍ਹੇ ਕੈਦ ਕੱਟਣ ਮਗਰੋਂ 1932 ਈ: ਵਿਚ ਰਿਹਾਈ ਹੋਈ। ਸੰਨ 1932 ਤੋਂ 1961 ਤੱਕ ਦਾ ਸਮਾਂ ਭਾਈ ਸਾਹਿਬ ਨੇ ਅਖੰਡ-ਪਾਠਾਂ, ਅਖੰਡ ਕੀਰਤਨ ਸਮਾਗਮਾਂ ਵਿਚ ਹਿੱਸਾ ਲੈਂਦਿਆਂ ਬਤੀਤ ਕੀਤਾ। ਭਾਈ ਸਾਹਿਬ ਦਾ ਜੀਵਨ ਬਹੁ-ਪੱਖੀ ਅਤੇ ਸਰਬ-ਪੱਖੀ ਸੰਪੂਰਨ ਸੀ। ਉਹ ਅਤੁੱਟ ਨਾਮ-ਅਭਿਆਸੀ, ਕੀਰਤਨ-ਰਸੀਅੜੇ, ਅਣਥੱਕ ਕੀਰਤਨੀਏ, ਕਥਨੀ ਤੇ ਕਰਨੀ ਦੇ ਸੂਰੇ, ਰਹਿਤ ਰਹਿਣੀ ਵਿਚ ਪੂਰੇ, ਸਿੱਖੀ ਸਿਦਕ ਵਿਚ ਦ੍ਰਿੜ, ਬੀਰ-ਰਸ ਭਰਭੂਰ, ਸੱਚੇ ਗੁਰਮਤਿ ਖੋਜੀ ਅਤੇ ਗੁਰਮਤਿ ਸਿਧਾਂਤਾਂ ਦੇ ਨਿਧੜਕ ਵਿਆਖਿਆਕਾਰ ਸਨ। ਪੰਜਾਬੀ ਸਾਹਿਤ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਗੁਰਮਤਿ ਸਾਹਿਤ ਸਿਰਜਣਾ ਹੈ। ਭਾਈ ਸਾਹਿਬ ਨੇ 40 ਦੇ ਕਰੀਬ ਰਚਨਾਵਾਂ ਲਿਖ ਕੇ ਸਿੱਖ ਸਾਹਿਤ ਦੇ ਭੰਡਾਰ ਨੂੰ ਹੀ ਨਹੀਂ ਭਰਿਆ ਸਗੋਂ ਇਨ੍ਹਾਂ ਲਿਖਤਾਂ ਦੁਆਰਾ ਗੁਰਮਤਿ ਅਤੇ ਸਿੱਖ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਸਿੱਖ ਧਰਮ ਦੇ ਪ੍ਰਚਾਰ ਦੀ ਨਿਸ਼ਕਾਮ ਸੇਵਾ ਕੀਤੀ ਹੈ। ਭਾਈ ਸਾਹਿਬ ਜੀ ਦੀ ਕੀਤੀ ਕੁਰਬਾਨੀ ਗੁਰਮਤਿ ਦੇ ਜਗਿਆਸੂਆਂ ਲਈ ਹਮੇਸ਼ਾ ਪ੍ਰੇਰਣਾ ਦਾ ਕੇਂਦਰ ਬਣੀ ਰਹੇਗੀ।