ਸ੍ਰੀ ਦਮਦਮਾ ਸਾਹਿਬ-ਦਸਮ ਪਾਤਸਾਹ ਦੀ ਚਰਨਛੋਹ ਪ੍ਰਾਪਤ ਧਰਤ ਤਲਵੰਡੀ ਸਾਬੋ ਵਿਖੇ ਨਿਹੰਗ ਸਿੰਘਾਂ ਦੀ ਸ਼੍ਰੋਮਣੀ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖ ਹੈਡਕੁਆਟਰ ਗੁ: ਬੇਰ ਸਾਹਿਬ ਦੇਗਸਰ ਪਾ:ਦਸਵੀਂ ਯਾਦਗਾਰ ਬਾਬਾ ਦੀਪ ਸਿੰਘ ਛਾਉਣੀ ਬੁੱਢਾ ਦਲ ਵਿਖੇ ਮੱਸਿਆ ਦਿਹਾੜਾ ਪੂਰਨ ਸਰਧਾ ਭਾਵਨਾ ਨਾਲ ਸਹਿਤ ਮਨਾਇਆ ਗਿਆ। ਸੰਗਤਾਂ ਨੇ ਹੁੰਮਹੁਮਾ ਕੇ ਹਾਜ਼ਰੀਆਂ ਭਰੀਆਂ ਤੇ ਆਪਣੀ ਸਰਧਾ ਭਾਵਨਾ ਨਾਲ ਅਰਦਾਸਾਂ ਕੀਤੀਆਂ।
ਗੁ: ਬੇਰ ਸਾਹਿਬ ਵਿਚ ਸੇਵਾ ਕਰ ਰਹੇ ਬੁੱਢਾ ਦਲ ਦੇ ਸੇਵਾਦਾਰ ਬਾਬਾ ਦਲੇਰ ਸਿੰਘ ਖਾਲਸਾ ਨੇ ਦਸਿਆ ਕਿ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਹੋਏ ਨਿਰਦੇਸ਼ਾਂ ਅਨੁਸਾਰ ਮੱਸਿਆ ਦਿਹਾੜਾ ਮਨਾਉਣ ਲਈ ਬੁੱਢਾ ਦਲ ਵੱਲੋਂ ਪੂਰਨ ਮੁਕੰਮਲ ਪ੍ਰਬੰਧ ਕੀਤੇ ਜਾਂਦੇ ਹਨ, ਸੰਗਤਾਂ ਦੀ ਆਉ ਭਗਤ ਲਈ ਗੁਰੂ ਕੇ ਲੰਗਰ, ਠੰਡੇ ਜਲ ਦੀ ਛਬੀਲ ਅਤੇ ਸ਼ਹੀਦੀ ਦੇਗ (ਸ਼ਰਦਾਈ) ਦੀ ਛਬੀਲ ਲਗਾਈ ਗਈਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੀ ਮਰਯਾਦਾ ਅਨੁਸਾਰ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ। ਜਿਸ ਵਿੱਚ 70 ਪ੍ਰਾਣੀ ਅੰਮ੍ਰਿਤ ਛੱਕ ਗੁਰੂ ਵਾਲੇ ਬਣੇ। ਨਿਹੰਗ ਸਿੰਘਾਂ ਦੇ ਪੁਰਾਣੇ ਲਾਇਸੰਸ ਰੀਨੀਓ ਤੇ ਨਵੇਂ ਬਨਾਏ ਗਏ।
ਅੰਮ੍ਰਿਤ ਛੱਕਣ ਵਾਲੇ ਪ੍ਰਾਣੀਆਂ ਨੂੰ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਵਧਾਈ ਦੇਂਦਿਆ ਕਿਹਾ ਕਿ ਮੈਂ ਅਕਾਲ ਪੁਰਖ ਦੇ ਦਰ ਅਰਦਾਸ ਕਰਦਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਿਆਂ ਦਾ ਜੀਵਨ ਸੁਖਦ, ਸਿੱਖੀ ਮਰਯਾਦਾ ਅਨੁਸਾਰ ਸਫਲ ਹੋਏ। ਇਸ ਸਮੇਂ ਪੰਜ ਪਿਆਰਿਆਂ ਵਿੱਚ ਬਾਬਾ ਠਾਨਾ ਸਿੰਘ, ਬਾਬਾ ਫੂਲਾ ਸਿੰਘ, ਬਾਬਾ ਜਿੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ, ਬਾਬਾ ਸੁਖਮਿੰਦਰ ਸਿੰਘ, ਬਾਬਾ ਰੇਸ਼ਮ ਸਿੰਘ ਦੇਗੀਆ ਨੇ ਪੂਰਨ ਸਤਿਕਾਰ ਸਹਿਤ ਸੇਵਾ ਨਿਭਾਈ।