ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਮੇਟੀ ਦੇ ਪ੍ਰਬੰਧਨ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਦੀਵਾਨ ਸਜਾਏ ਗਏ। ਮੁੱਖ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਇਆ ਜਿਥੇ ਰਾਗੀ ਸਿੰਘਾਂ ਦੇ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਵਿਚ ਸ਼ਹਾਦਤਾਂ ਦੇਣ ਦੀ ਸ਼ੁਰੂਆਤ ਕੀਤੀ। ਉਹਨਾਂ ਮਗਰੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ। ਫਿਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਨੇ ਤੇ ਸਿੱਖ ਧਰਮ ਦੇ ਅਨੇਕਾਂ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ। ਉਹਨਾਂ ਕਿਹਾ ਕਿ ਇਹ ਸਿੱਖ ਧਰਮ ਦਾ ਸੁਭਾਗ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਭਗਤਾਂ, ਭੱਟਾਂ ਦੀਆਂ ਬਾਣੀਆਂ ਨੂੰ ਇਕੱਠਾ ਕਰ ਕੇ ਸਭ ਤੋਂ ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤੇ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਰੂਪ ਦੇ ਕੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਦਾ ਹੁਕਮ ਦੇ ਕੇ ਗੁਰੂ ਦੇ ਲੜ ਲਗਾਇਆ।
ਉਹਨਾਂ ਕਿਹਾ ਕਿ ਇਹ ਸਾਡਾ ਸੁਭਾਗ ਹੈ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀ ਸਿੱਖ ਕੌਮ ਦੁਨੀਆਂ ਭਰ ਵਿਚ ਜਸ ਖੱਟ ਰਹੀ ਹੈ। ਉਹਨਾਂ ਕਿਹਾ ਕਿ ਇਸ ਸਾਲ ਅਸੀਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਤਾਂ ਉਸ ਸਮੇਂ ਵਿਚ ਅਸੀਂ ਸਹਿਜ ਪਾਠਾਂ ਦੀ ਲੜੀ ਆਰੰਭੀ ਹੈ। ਜਿਹਨਾਂ ਘਰਾਂ ਵਿਚ ਗੁਰੂ ਸਾਹਿਬ ਦੇ ਸਰੂਪ ਮੌਜੂਦ ਹਨ, ਉਹਨਾਂ ਦੇ ਨਾਲ-ਨਾਲ ਅਸੀਂ ਜਿਹਨਾਂ ਘਰਾਂ ਵਿਚ ਸਰੂਪ ਨਹੀਂ ਹਨ, ਉਹਨਾਂ ਨੂੰ ਸਰੂਪ ਵੀ ਦੇ ਰਹੇ ਹਾਂ ਤੇ ਪੋਥੀਆਂ ਵੀ ਦੇ ਰਹੇ ਹਾਂ ਤਾਂ ਜੋ ਸੰਗਤਾਂ ਸਹਿਜ ਪਾਠ ਦੀ ਸੰਪੂਰਨਤਾ ਕਰ ਸਕਣ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਤੇ ਸਿੱਖਾਂ ਨੂੰ ਮੀਰੀ-ਪੀਰੀ ਦੇ ਦੋ ਸਿਧਾਂਤ ਦਿੱਤੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਕੁਝ ਤਾਕਤਾਂ ਸਿੱਖਾਂ ਦੇ ਸਰਵਉਚ ਤਖ਼ਤ ਦਾ ਉਹ ਸਤਿਕਾਰ ਨਹੀਂ ਕਰ ਰਹੀਆਂ ਜੋ ਕਰਨਾ ਬਣਦਾ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਵਾਸਤੇ ਨਿੱਜਤਾ ਜ਼ਿਆਦਾ ਉਪਰ ਹੋ ਗਈ ਹੈ ਤੇ ਗੁਰੂ ਸਾਹਿਬ ਦਾ ਸਤਿਕਾਰ ਘੱਟ ਗਿਆ ਹੈ। ਇਸ ਮੌਕੇ ’ਤੇ ਸਮਾਗਮ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਮੈਂਬਰ ਤੇ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।