ਨਵੀਂ ਦਿੱਲੀ - ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮਸ਼ਹੂਰ ਕਲਾਕਾਰ ਦਿਲਜੀਤ ਦੋਸਾਂਝ ਦੀ ਦੇਸ਼ ਭਗਤੀ 'ਤੇ ਸਵਾਲ ਉਠਾਉਣ ਵਾਲੀ ਆਲੋਚਨਾ ਦਾ ਵਿਰੁੱਧ ਵਿਰੋਧ ਕਰਦਿਆਂ ਇਸਨੂੰ ਦੋਸਾਂਝ ਵਰਗੇ ਮਹਾਨ ਕਲਾਕਾਰ ਨਾਲ ਬੇਇਨਸਾਫੀ ਕਰਾਰ ਦਿੱਤਾ ਹੈ। ਫਿਲਮ ‘ਸਰਦਾਰ ਜੀ 3’ ਦੇ ਹਵਾਲੇ ਨਾਲ ਪੈਦਾ ਹੋ ਵਿਵਾਦ ਦਾ ਹਵਾਲਾ ਦਿੰਦਿਆਂ ਡਾ. ਸਾਹਨੀ ਨੇ ਕਿਹਾ ਕਿ ਇਸ ਫਿਲਮ ਅਤੇ ਦਿਲਜੀਤ ਦੋਸਾਂਝ ਦੀ ਦੇਸ਼ ਭਗਤੀ 'ਤੇ ਹਮਲਾ ਕਰਨਾ ਬੇਇਨਸਾਫ਼ੀ ਜਾਪਦਾ ਹੈ, ਖਾਸ ਕਰਕੇ ਜਦੋਂ ਉਨ੍ਹਾਂ ਨੇ ਸਬੂਤਾਂ ਸਹਿਤ ਸਪੱਸ਼ਟ ਕੀਤਾ ਹੈ ਕਿ ਇਹ ਫਿਲਮ ਦੁਖਦਾਈ ਪਹਿਲਗਾਮ ਘਟਨਾ ਤੋਂ ਬਹੁਤ ਪਹਿਲਾਂ, ਫਰਵਰੀ ਵਿੱਚ ਸ਼ੂਟ ਕੀਤੀ ਗਈ ਸੀ, ਜਿਸ ਦੌਰਾਨ ਇੱਕ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਵੀ ਹੋਇਆ ਸੀ। ਉਹਨਾ ਅਪੀਲ ਕੀਤੀ ਕਿ ਸਾਨੂੰ ਕਿਸੇ ਬਾਰੇ ਨਿਰਣਾ ਕਰਦੇ ਸਮੇਂ ਸਮਾਂ-ਸੀਮਾ ਜਾਂ ਤੱਥਾਂ ਨੂੰ ਉਲਝਾਉਣਾ ਨਹੀਂ ਚਾਹੀਦਾ। ਡਾ. ਸਾਹਨੀ ਨੇ ਦਿਲਜੀਤ ਦੋਸਾਂਝ ਦੀ ਜਨਤਕ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਲਈ ਵੀ ਪ੍ਰਸ਼ੰਸਾ ਕਰਦਿਆਂ ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦੇ ਉਨ੍ਹਾਂ ਦੇ ਫੈਸਲੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਕੇ ਅਤੇ ਭਾਰਤੀ ਸਿਨੇਮਾਘਰਾਂ ਵਿੱਚ ਫਿਲਮ ਰਿਲੀਜ਼ ਨਾ ਕਰਨ ਦਾ ਫੈਸਲਾ ਕਰਕੇ ਦੇਸ਼ ਪ੍ਰਤੀ ਸ਼ਾਨਦਾਰ ਭਾਵਨਾ ਦਾ ਪ੍ਰਗਟਾ ਕੀਤਾ ਹੈ।
ਭਾਰਤੀ ਸੱਭਿਆਚਾਰ ਦੇ ਵਿਸ਼ਵਵਿਆਪੀ ਰਾਜਦੂਤ ਵਜੋਂ ਦਿਲਜੀਤ ਦੀ ਅਨਮੋਲ ਭੂਮਿਕਾ ਦਾ ਹਵਾਲਾ ਦਿੰਦੇ ਹੋਏ, ਡਾ. ਸਾਹਨੀ ਨੇ ਕਿਹਾ ਕਿ ਕਲਾਕਾਰ ਦੀ ਨਾਗਰਿਕਤਾ ਰੱਦ ਕਰਨ ਅਤੇ ਉਸਦੇ ਸੰਗੀਤ 'ਤੇ ਪਾਬੰਦੀ ਲਗਾਉਣ ਦੇ ਐਫ ਡਬਲਊ ਆਈ ਸੀ ਈ ਦੇ ਸੱਦੇ ਨੂੰ ਬਹੁਤ ਉਲਾਰ ਅਤੇ ਅਣਉਚਿਤ ਫੈਸਲਾ ਦੱਸਦਿਆਂ ਉਹਨਾ ਕਿਹਾ ਕਿ ਕੋਚੇਲਾ ਤੋਂ ਲੈ ਕੇ ਮੈੱਟ ਗਾਲਾ ਤੱਕ, ਦਿਲਜੀਤ ਨੇ ਭਾਰਤ ਨੂੰ ਮਾਣ ਦਿਵਾਇਆ ਹੈ। ਉਸ ਨੇ ਹਮੇਸ਼ਾ ਕਿਹਾ ਹੈ ਕਿ ਉਹ ਇੱਕ ਮਾਣਮੱਤਾ ਭਾਰਤੀ ਅਤੇ ਮਾਣਮੱਤਾ ਪੰਜਾਬੀ ਹੈ। ਸਾਨੂੰ ਆਪਣੇ ਸੱਭਿਆਚਾਰਕ ਨਾਇਕਾਂ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਅਤੇ ਗਲਤ ਜਾਣਕਾਰੀ ਅਤੇ ਤਰਕਹੀਣਤਾ 'ਤੇ ਉਨ੍ਹਾਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ।