ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਭਾਰਤ ਦੀ ਕੌਮਾਂਤਰੀ ਪੱਧਰ ’ਤੇ ਪ੍ਰਤੀਨਿਧਤਾ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਉਹਨਾਂ ਦੇ ਪ੍ਰਸ਼ੰਸਕ ਹਨ।
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਹਲੋਂ ਨੇ ਕਿਹਾ ਕਿ ਦਿਲਜੀਤ ਦੁਸਾਂਝ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਇਕ ਭਾਰਤੀ ਹਨ ਅਤੇ ਭਾਰਤੀ ਹੋਣ ਦਾ ਸਰਟੀਫਿਕੇਟ ਲੈਣ ਦੀ ਕਿਸੇ ਤੋਂ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਦਿਲਜੀਤ ਦੁਸਾਂਝ ਨੇ ਦੁਨੀਆਂ ਭਰ ਵਿਚ ਸੰਗੀਤ ਪ੍ਰੇਮੀਆਂ ਦੇ ਦਿਲ ਜਿੱਤੇ ਹਨ ਅਤੇ ਉਹਨਾਂ ਦੀ ਪ੍ਰਸਿੱਧੀ ਤੋਂ ਖਾਰ ਖਾ ਕੇ ਹੀ ਕੁਝ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਹਨ। ਸਰਦਾਰ ਕਾਹਲੋਂ ਨੇ ਸਪਸ਼ਟ ਕੀਤਾ ਕਿ ਦਿਲਜੀਤ ਦੁਸਾਂਝ ਦੀ ਫਿਲਮ ’ਸਰਦਾਰ ਜੀ 3’ ਭਾਰਤ ਵਿਚ ਰਿਲੀਜ਼ ਨਹੀਂ ਕੀਤੀ ਗਈ ਅਤੇ ਇਸ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੇ ਕੰਮ ਕਰਨ ’ਤੇ ਜਿਹਨਾਂ ਨੂੰ ਇਤਰਾਜ਼ ਹੈ, ਉਹ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਇਹ ਫਿਲਮ ਪਹਿਲਗਾਮ ਹਮਲਾ ਹੋਣ ਤੋਂ ਕਿਤੇ ਪਹਿਲਾਂ ਸ਼ੁਟ ਕੀਤੀ ਗਈ ਸੀ। ਉਹਨਾਂ ਕਿਹਾ ਕਿ ਦਿਲਜੀਤ ਦੁਸਾਂਝ ਭਾਰਤ ਦੀ ਸਭਿਆਚਾਰਕ ਤੇ ਸੰਸਕ੍ਰਿਤਕ ਵਿਰਾਸਤ ਦੇ ਪ੍ਰਤੀਨਿਧ ਹਨ ਜਿਹਨਾਂ ਦੀ ਆਵਾਜ਼ ਤੇ ਸੰਗੀਤ ਨੇ ਦੁਨੀਆਂ ਭਰ ਵਿਚ ਕਰੋੜਾਂ ਲੋਕਾਂ ਨੂੰ ਆਪਣਾ ਪ੍ਰਸ਼ੰਸਕ ਬਣਾਇਆ ਹੈ। ਉਹਨਾਂ ਕਿਹਾ ਕਿ ਦਿਲਜੀਤ ਦੁਸਾਂਝ ਭਾਰਤ ਦਾ ਮਾਣ ਹੈ ਤੇ ਹਮੇਸ਼ਾ ਰਹੇਗਾ।