ਧਰਮ

5 ਜੁਲਾਈ ਤੇ ਵਿਸ਼ੇਸ਼ - ਮੀਰੀ ਪੀਰੀ ਸਿਰਜਨਾ ਦਾ ਮੰਤਵ

ਦਿਲਜੀਤ ਸਿੰਘ ਬੇਦੀ /ਕੌਮੀ ਮਾਰਗ ਬਿਊਰੋ | July 04, 2025 07:16 PM

ਸ੍ਰੀ ਗੁਰੂ ਅਰਜਨ ਦੇਵ ਜੀ ਨੇ "ਤੇਰਾ ਕੀਆ ਮੀਠਾ ਲਾਗੈ" ਉਚਾਰਦੇ ਹੋਏ ਸ਼ਹੀਦੀ ਤੋਂ ਪਹਿਲਾਂ ਭਾਈ ਬਿਧੀ ਚੰਦ ਘੋੜਸਵਾਰ ਰਾਹੀਂ ਲਾਹੌਰ ਤੋਂ ਅੰਮ੍ਰਿਤਸਰ ਸੰਗਤਾਂ ਨੂੰ ਸੁਨੇਹਾ ਭੇਜਿਆ ਕਿ "ਹਰਗੋਬਿੰਦ ਛੇਵੇਂ ਨਾਨਕ ਹਨ ਅਤੇ ਉਹ ਹਥਿਆਰਬੰਦ ਹੋ ਕੇ ਤਖ਼ਤ `ਤੇ ਬੈਠਣ ਅਤੇ ਵੱਡੀ ਤੋਂ ਵੱਡੀ ਫੌਜ ਰੱਖਣ"। ਗੁਰੂ ਸਾਹਿਬ ਦੀ ਸ਼ਹੀਦੀ ਸਿੱਖਾਂ ਲਈ ਦਿਲ ਹਿਲਾ ਦੇਣ ਵਾਲੀ ਘਟਨਾ ਸੀ।ਇਸ ਘਟਨਾ ਨੇ ਸਿੱਖ ਧਰਮ ਅੰਦਰ ਇਨਕਲਾਬੀ ਮੋੜ ਲਿਆਂਦਾ। ਸ੍ਰੀ ਗੁਰੂ ਹਰਿਗੋਬਿੰਦ ਜੀ ਗੁਰੂ-ਪਿਤਾ ਦੀ ਸ਼ਹੀਦੀ ਵਕਤ 11 ਸਾਲ ਦੇ ਸਨ। ਇਸ ਸਮੇਂ ਸੰਗਤਾਂ ਨੂੰ ਕੀਰਤਨ ਕਰਨ ਅਤੇ ਸ਼ਹੀਦੀ ਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਹੋਏ ਭਾਣਾ ਮੰਨਣ ਦਾ ਹੁਕਮ ਕੀਤਾ ਅਤੇ ਕਿਹਾ ਕਿ ਉਹ ਜਲਦੀ ਹੀ ਪੰਥ ਅੱਗੇ ਨਵਾਂ ਪ੍ਰੋਗਰਾਮ ਰੱਖਣਗੇ।

ਜੂਨ 1606 ਈ: ਨੂੰ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ ਅਤੇ ਉਸਾਰੀ ਕਰਵਾਈ। ਇਸ ਉਪਰੰਤ ਉਨ੍ਹਾਂ ਫ਼ੁਰਮਾਇਆ ਕਿ ਤਖ਼ਤ ਉੱਪਰ ਸੁੰਦਰ ਗਲੀਚਾ ਵਿਛਾ ਕੇ ਉਪਰ ਸ਼ਾਹੀ ਠਾਠ ਵਾਲਾ ਚੰਦੋਆ ਲਗਾਉਣ ਅਤੇ ਉਹ ਆਪ ਤਿਆਰ ਹੋ ਕੇ ਆਉਣਗੇ। ਉਨ੍ਹਾਂ ਖ਼ੂਬਸੂਰਤ ਸ਼ਾਹੀ ਬਸਤਰ ਪਹਿਨ ਕੇ, ਦਸਤਾਰ ਤੇ ਕਲਗੀ, ਮੋਤੀਆਂ ਦੀ ਮਾਲਾ ਅਤੇ ਫੌਲਾਦੀ ਚੱਕਰ ਨਾਲ ਸੁਸ਼ੋਭਿਤ ਹੋਣ ਉਪਰੰਤ ਤਖ਼ਤ `ਤੇ ਪਹੁੰਚੇ ਅਤੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਗੁਰਿਆਈ ਦੇ ਤਿਲਕ ਦੀ ਜਗ੍ਹਾ ਉਨ੍ਹਾਂ ਨੂੰ ਦੋ ਤਲਵਾਰਾਂ ਪਹਿਨਾਉਣ-ਇਕ ਮੀਰੀ ਦੀ ਅਤੇ ਇਕ ਪੀਰੀ ਦੀ। ਉਨ੍ਹਾਂ ਐਲਾਨ ਕੀਤਾ ਕਿ ਪਹਿਲੇ ਪੰਜ ਗੁਰੂ ਸਾਹਿਬਾਨ ਵੀ ਧਾਰਮਿਕ ਅਤੇ ਰਾਜਸੀ ਗੁਰੂ ਹੋ ਕੇ ਵਿਚਰਦੇ ਰਹੇ ਹਨ ਪਰ ਹੁਣ ਅਸੀਂ ਨਾ ਸਿਰਫ ਪੰਥ ਨੂੰ ਬਲਕਿ ਸਾਰੇ ਸੰਸਾਰ ਨੂੰ ਆਪਣਾ ਰੂਪ ਪ੍ਰਤੱਖ ਕਰਨਾ ਹੈ, ਉਨ੍ਹਾਂ ਹੁਕਮ ਕੀਤਾ ਕਿ ਉਨ੍ਹਾਂ ਦੇ ਸੀਸ `ਤੇ ਇਕ ਸਿੱਖ ਹਮੇਸ਼ਾਂ ਸ਼ਾਹੀ ਛਤਰ ਕਰਿਆ ਕਰੇ ਅਤੇ ਇਕ ਹੋਰ ਸਿੱਖ ਚੌਰ ਕਰਿਆ ਕਰੇ। ਉਨ੍ਹਾਂ ਪੰਥ ਨੂੰ ਪਹਿਲਾ ਹੁਕਮਨਾਮਾ ਜਾਰੀ ਕੀਤਾ ਕਿ ਸੰਗਤਾਂ ਕੋਲੋਂ ਉਨ੍ਹਾਂ ਨੂੰ ਹਥਿਆਰ, ਘੋੜੇ ਅਤੇ ਜਵਾਨੀ ਦੀਆਂ ਭੇਟਾਵਾਂ ਉਤਮ ਰੂਪ ਵਿਚ ਪ੍ਰਵਾਨ ਹੋਣਗੀਆਂ। ਆਪਣੇ ਸਿੱਖਾਂ ਦੀ ਮਾਨਸਿਕ ਅਤੇ ਸਰੀਰਕ ਅਵਸਥਾ ਇਤਨੀ ਉੱਚੀ ਕਰ ਦਿੱਤੀ ਕਿ ਜਦ ਗੁਰੂ ਜੀ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਲਿਆਉਣ ਲਈ ਸੰਕੇਤ ਦਿੱਤਾ ਤਾਂ ਅੰਮ੍ਰਿਤਸਰ ਤੋਂ ਘੋੜੇ ਲਿਆਉਣ ਲਈ ਸੈਂਕੜੇ ਸਿੱਖ ਤੁਰ ਪਏ। ਇਸ ਤਰ੍ਹਾਂ ਦਾ ਐਲਾਨ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਜੰਗ ਛੇੜਨ ਦਾ ਇਕ ਖੁੱਲ੍ਹਾ ਸੱਦਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਡੁਲ੍ਹੇ ਖੂਨ ਦੀ ਪੈਦਾਵਾਰ ਹੈ। ਪੰਚਮ ਪਾਤਸ਼ਾਹ ਦੀ ਸ਼ਹੀਦੀ ਸਮੇਂ ਸਿੱਖਾਂ ਵਿਚ ਆਈ ਘਬਰਾਹਟ ਦੇਖ ਕੇ ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਨੇ ਤਸੱਲੀ ਦਿੱਤੀ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਹਨ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਸ ਹੁਕਮ ਅਨੁਸਾਰ ਸਿੱਖ ਸੰਗਤਾਂ ਹਥਿਆਰਬੰਦ ਹੋ ਕੇ ਦਰਸ਼ਨਾਂ ਨੂੰ ਆਉਣ ਲੱਗੀਆਂ। ਗੁਰੂ ਸਾਹਿਬ ਨੇ ਸਿੱਖ ਸੂਰਬੀਰਾਂ ਨੂੰ ਬਾਬਾ ਬੁੱਢਾ ਜੀ ਦੀ ਦੇਖ-ਰੇਖ `ਚ ਜੰਗਜੂ ਸੰਘਰਸ਼ ਲਈ ਤਿਆਰ ਕੀਤਾ ਤੇ ਇਨ੍ਹਾਂ ਦੇ ਚਾਰ ਜੱਥੇ ਬਣਾਏ। ਗੁਰੂ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਬੈਠ ਕੇ ਸਿੱਖ ਸੰਗਤਾਂ ਦੇ ਦਰਬਾਰ ਲਗਾਉਣੇ ਸ਼ੁਰੂ ਕਰ ਦਿੱਤੇ। ਸ੍ਰੀ ਅਕਾਲ ਤਖ਼ਤ ਸਾਹਮਣੇ ਕੁਸ਼ਤੀਆਂ, ਜੰਗਜੂ ਕਰਤੱਬ ਵਾਲੀਆਂ ਖੇਡਾਂ ਕਰਵਾਉਣੀਆਂ ਅਰੰਭ ਕਰ ਦਿੱਤੀਆਂ। ਢਾਡੀ ਬੀਰ-ਰਸੀ ਵਾਰਾਂ ਸੁਣਾਉਂਦੇ, ਸਿੱਖ ਸ਼ਕਤੀ ਦਾ ਖੂਨ ਜੋਸ਼ ਨਾਲ ਉਬਾਲੇ ਖਾਣ ਲੱਗਾ। ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ, ਜੋ ਮੀਰੀ-ਪੀਰੀ ਦੀ ਸ਼ਕਤੀ ਦੇ ਪ੍ਰਤੀਕ ਹਨ।

ਗੁਰੂ ਜੀ ਰੋਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਗਤਾਂ ਦਾ ਦਰਬਾਰ ਲਗਾਉਂਦੇ, ਸਿੱਖਾਂ ਦੇ ਆਪਸੀ ਝਗੜਿਆਂ ਨੂੰ ਸੁਣਿਆਂ ਜਾਂਦਾ ਅਤੇ ਉਨ੍ਹਾਂ ਦਾ ਨਿਬੇੜਾ ਕੀਤਾ ਜਾਂਦਾ। ਇਸ ਦਰਬਾਰ ਨੇ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਸਿੱਖ ਧਾਰਮਿਕ ਖੇਤਰ ਵਿੱਚ ਹੀ ਸੁਤੰਤਰ ਨਹੀਂ ਸਗੋਂ ਸੰਸਾਰਕ ਮਸਲਿਆਂ ਨੂੰ ਵੀ ਨਜਿੱਠਣ ਦੀ ਸ਼ਕਤੀ ਰੱਖਦੀ ਹੈ। ਇਹ ਆਤਮ ਨਿਰਣੈ ਲੈਣ ਦਾ ਇਕ ਜ਼ੋਰਦਾਰ ਪ੍ਰਗਟਾਵਾ ਸੀ।ਇਹ ਗੁਰੂ ਜੀ ਦੀ ਸ਼ਹਾਦਤ ਦਾ ਪ੍ਰਤੀਕਰਮ ਵੀ ਸੀ ਅਤੇ ਸ਼ਹਾਦਤ ਦੇ ਰੂਪ ਵਿੱਚ ਦਿੱਤੇ ਗਏ ਚੈਲੰਜ ਨੂੰ ਪ੍ਰਵਾਨ ਕਰਨ ਦਾ ਐਲਾਨ ਵੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਪਰਉਪਕਾਰੀ ਵਡਯੋਧੇ ਗੁਰੂ ਦੀਆਂ ਅਨੰਤ ਬਖਸ਼ਿਸ਼ਾਂ ਦਾ ਰੂਹਾਨੀ ਕ੍ਰਿਸ਼ਮਾ ਹੈ।

ਮੋਹਸਿਨ ਫਾਨੀ ਅਨੁਸਾਰ ਗੁਰੂ ਜੀ ਨੇ 2200 ਦੀ ਫੌਜ ਤਿਆਰ ਕੀਤੀ ਜਿਸ ਵਿਚ 60 ਬੰਦੂਕਚੀ, 300 ਘੋੜ-ਸਵਾਰ ਜਿਨ੍ਹਾਂ ਲਈ 700 ਘੋੜੇ ਸਨ। ਨਕਸ਼ਬੰਦੀ ਮੁਸਲਮਾਨ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਖੁਸ਼ ਹੋਏ ਸਨ, ਉਹ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਕਾਰਨਾਮੇ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਜਹਾਂਗੀਰ ਨੂੰ ਜ਼ੋਰਦਾਰ ਸ਼ਿਕਾਇਤ ਕੀਤੀ ਕਿ ਤੇਰੇ ਰਾਜ ਵਿਚ ਕੀ ਹੋ ਰਿਹਾ ਹੈ ਕਿ ਕਾਫਰਾਂ ਦਾ ਗੁਰੂ ਤੇਰੇ ਰਾਜ ਵਿਚ ਤਖ਼ਤ `ਤੇ ਬੈਠਦਾ ਹੈ, ਸੱਚਾ ਪਾਤਸ਼ਾਹ ਕਹਾਉਂਦਾ ਹੈ ਅਤੇ ਉਸ ਨੇ ਆਧੁਨਿਕ ਫੌਜ ਵੀ ਰੱਖੀ ਹੋਈ ਹੈ। ਜਦ ਜਹਾਂਗੀਰ ਨੇ ਤਲਬ ਕੀਤਾ ਤਾਂ ਗੁਰੂ ਸਾਹਿਬ ਆਪਣੇ ਫੌਜੀਆਂ ਦੀ ਗਾਰਦ ਨਾਲ ਲੈ ਕੇ ਸ਼ਾਹੀ ਠਾਠ ਨਾਲ ਜਹਾਂਗੀਰ ਨੂੰ ਮਿਲੇ ਅਤੇ ਸਪੱਸ਼ਟ ਕੀਤਾ ਕਿ "ਭਾਵੇਂ ਉਹ ਅਕਾਲ ਦੇ ਤਖ਼ਤ `ਤੇ ਸੁਸ਼ੋਭਿਤ ਹੁੰਦੇ ਹਨ ਪਰ ਉਨ੍ਹਾਂ ਨੇ ਦੁਨੀਆਂ ਦੇ ਕਿਸੇ ਰਾਜ ਦੇ ਇਕ ਗਜ਼ ਹਿੱਸੇ ਉਪਰ ਵੀ ਕਬਜ਼ਾ ਨਹੀਂ ਕੀਤਾ।ਅਕਾਲ ਦੇ ਤਖ਼ਤ ਦਾ ਕਾਰਜ ਖੇਤਰ ਸਾਰਾ ਸੰਸਾਰ ਹੈ ਅਤੇ ਅਕਾਲ ਪੁਰਖ ਵੱਲੋਂ ਉਨ੍ਹਾਂ ਨੂੰ ਕੁਲ ਆਲਮ ਦੇ ਲੋਕਾਂ ਨੂੰ ਰਾਹਤ ਦੇਣ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ"। "ਜਹਾਂਗੀਰ ਨੂੰ ਇਸ ਬਾਤ ਦੀ ਸਮਝ ਨਾ ਆਈ ਅਤੇ ਉਸ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਗੁਰੂ ਸਾਹਿਬ ਨੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੇ ਕੀਰਤਨ ਅਤੇ ਲੋਹ-ਲੰਗਰ ਦੇ ਪ੍ਰੋਗਰਾਮ ਜਾਰੀ ਰੱਖਣ। ਅੰਮ੍ਰਿਤਸਰ ਤੋਂ ਗਵਾਲੀਅਰ ਵੱਲ ਕੀਰਤਨ ਕਰਦੇ ਸਿੱਖਾਂ ਦੇ ਜਥਿਆਂ ਨੇ ਚਾਲੇ ਪਾ ਦਿੱਤੇ।ਰਸਤੇ ਵਿਚ ਸਭ ਨੂੰ ਲੰਗਰ ਛਕਾਉਂਦੇ ਅਤੇ ਕਿਲ੍ਹੇ ਦੇ ਦੁਆਲੇ ਸਤਿਨਾਮੁ ਦਾ ਜਾਪ ਕਰਦੇ। ਇਸ ਸਮੇਂ ਕੀਰਤਨ ਕਰਦੇ ਸਿੱਖਾਂ ਨੇ ਸਿੱਖੀ ਦਾ ਕਮਾਲ ਦਾ ਪ੍ਰਚਾਰ ਕੀਤਾ ਜਿਸ ਨਾਲ ਸਿੱਖੀ ਪ੍ਰਚਾਰ ਨੂੰ ਬਲ ਮਿਲਿਆ। ਸਿੱਖਾਂ ਦੀ ਚੜ੍ਹਦੀ ਕਲਾ ਵੇਖ ਕੇ ਅੰਤ ਵਿਚ ਜਹਾਂਗੀਰ ਨੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ 52 ਹੋਰ ਰਾਜਸੀ ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ। ਬੜੀ ਸ਼ਾਨ ਨਾਲ ਮਾਰਚ ਕਰਦਾ ਹੋਇਆ ਗੁਰੂ ਪਾਤਸ਼ਾਹ ਜੀ ਦਾ ਵੱਡਾ ਕਾਫਲਾ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚਿਆ ਅਤੇ ਸਭ ਨੇ ਖੁਸ਼ੀ ਵਿਚ ਆਤਿਸ਼ਬਾਜੀ ਅਤੇ ਦੀਪਮਾਲਾ ਨਾਲ ਗੁਰੂ ਜੀ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ। ਸਿੱਖਾਂ ਨੂੰ ਯਕੀਨ ਹੋ ਗਿਆ ਕਿ ਮੁਗਲਾਂ ਨੇ ਇਸ ਅਲੌਕਿਕ ਸ੍ਰੀ ਅਕਾਲ ਤਖ਼ਤ ਸਾਹਿਬ ਅਧੀਨ ਸਰਬ ਸੰਸਾਰ ਦੇ ਇਲਾਹੀ ਰਾਜ ਨੂੰ ਮਾਨਤਾ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਪੰਥ ਦੀ ਸੁਤੰਤਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ।

Have something to say? Post your comment

 
 
 

ਧਰਮ

350 ਸਾਲਾ ਸ਼ਤਾਬਦੀ ਸਬੰਧੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ 8 ਜੁਲਾਈ ਨੂੰ ਹੋਵੇਗੀ ਇਕੱਤਰਤਾ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ

ਪੰਜਾਬ ਦੇ ਰਾਜਪਾਲ ਨੇ ਲੋਕਾਂ ਨੂੰ ਕਬੀਰ ਜਯੰਤੀ ਦੀ ਵਧਾਈ ਦਿੱਤੀ

ਗੁਰੂ ਅਰਜਨ ਦੇਵ ਜੀ ਦੇ 419ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵੌਦਰੁਏ, ਡੋਰੀਓਣ ਕੈਨੇਡਾ ਵਿਖ਼ੇ 2 ਰੋਜ਼ਾ ਧਾਰਮਿਕ ਸਮਾਗਮ ਸੱਜਣਗੇ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸਜੇ ਜਲ

ਪੰਜਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਸੁੰਦਰ ਜਲੌ

ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਹਿੰਮਤ ਅਤੇ ਨਿਰਸਵਾਰਥ ਸੇਵਾ ਦਾ ਪ੍ਰਤੀਕ-ਪ੍ਰਧਾਨ ਮੰਤਰੀ ਮੋਦੀ

ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੀਸ ਵਧਾਉਣੀ ਵਾਜਬ ਨਹੀ: ਬਾਬਾ ਬਲਬੀਰ ਸਿੰਘ

ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਉਤਸਵ ਮੌਕੇ ਲੋਕਾਂ ਨੂੰ ਵਧਾਈ

ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਸਥਾਨਕ ਛੁੱਟੀ ਐਲਾਨੀ