ਅੰਮ੍ਰਿਤਸਰ-ਮੌਜੂਦਾ ਪੰਥਕ ਸੰਕਟ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋ ਜਿਸ ਤਰਾਂ ਦਾ ਰੋਲ ਅਦਾ ਕੀਤਾ ਜਾ ਰਿਹਾ ਹੈ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ।ਸਿੰਘ ਸਾਹਿਬ ਦੇ ਇਸ ਰੋਲ ਨਾਲ ਸੰਤ ਸਮਾਜ ਦਾ ਹਟਾਏ ਗਏ ਜਥੇਦਾਰਾਂ ਦੇ ਹਕ ਵਿਚ ਵਿਿਢਆ ਨਕਲੀ ਜਹਾਦ ਵੀ ਖ਼ਤਮ ਹੋ ਗਿਆ।ਬੀਤੇ ਕਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੱਤਰਕਾਰ ਵਾਰਤਾ ਵਿਚ ਕਿਹਾ ਸੀ ਕਿ ਅਜੋਕੇ ਸੰਕਟ ਵਿਚ ਸਭ ਤੋ ਵਧ ਸਹਿਯੋਗ ਗਿਆਨੀ ਰਘਬੀਰ ਸਿੰਘ ਦਾ ਰਿਹਾ।ਜਦ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਦੀਆਂ ਬਤੌਰ ਜਥੇਦਾਰ ਸੇਵਾਵਾਂ ਸਮਾਪਤ ਕੀਤੀਆਂ ਗਈਆਂ ਹਨ ਤਾਂ ਸਭ ਤੋ ਪਹਿਲਾ ਹਟਾਏ ਗਏ ਜਥੇਦਾਰਾਂ ਦੇ ਹਕ ਵਿਚ ਹਾਅ ਦਾ ਨਾਅਰਾ ਸੰਤ ਸਮਾਜ ਤੇ ਭਾਈ ਹਰਨਾਮ ਸਿੰਘ ਧੁੰਮਾ ਨੇ ਹੀ ਮਾਰਿਆ ਸੀ। ਸੰਤ ਸਮਾਜ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਨੇ ਹਟਾਏ ਗਏ ਜਥੇਦਾਰਾਂ ਦੀ ਆਹੁਦਿਆਂ ਤੇ ਮੁੜ ਬਹਾਲੀ ਦੇ ਨਾਮ ਤੇ ਜਹਾਦ ਕਰਨ ਦਾ ਐਲਾਨ ਕੀਤਾ।ਉਨਾਂ ਸ਼ੋ੍ਰਮਣੀ ਕਮੇਟੀ ਦੇ ਫੈਸਲੇ ਤੇ ਇਤਰਾਜ ਕਰਦਿਆਂ ਜਥੇਦਾਰ ਗੜਗੱਜ ਨੂੰ ਮਾਨਤਾ ਦੇਣ ਤੋ ਵੀ ਇਨਕਾਰ ਕਰ ਦਿੱਤਾ ਸੀ। ਹਲਾਤ ਇਹ ਬਣ ਗਏ ਕਿ ਭਾਈ ਧੰੁਮਾ ਦੀ ਧੌਂਸ ਕਾਰਨ ਹੀ ਜਥੇਦਾਰ ਗੜਗੱਜ 6 ਜੂਨ ਨੂੰ ਸਾਕਾ ਸ੍ਰੀ ਦਰਬਾਰ ਸਾਹਿਬ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਾ ਤਾਂ ਸਨਮਾਨ ਦੇ ਸਕੇ ਤੇ ਨਾ ਹੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰ ਸਕੇ। ਆਪਣੇ ਕੀਤੇ ਐਲਾਨ ਮੁਤਾਬਿਕ ਭਾਈ ਹਰਨਾਮ ਸਿੰਘ ਸਾਥੀਆਂ ਸਮੇਤ 28 ਮਾਰਚ ਨੂੰ ਸ਼ੋ੍ਰਮਣੀ ਕਮੇਟੀ ਦੇ ਬਜਟ ਇਜਲਾਸ ਦਰਮਿਆਨ ਤੇਜਾ ਸਿੰਘ ਸਮੰੁਦਰੀ ਹਾਲ ਮੁਹਰੇ ਧਰਨਾ ਦੇਣ ਲਈ ਆ ਗਏ।ਪੁਲੀਸ ਪ੍ਰਸ਼ਾਸ਼ਨ ਤੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਿਆਨਪ ਕਾਰਨ ਟਕਰਾਅ ਦੀ ਸਥਿਤੀ ਨਹੀ ਬਣੀ। ਉਸ ਧਰਨੇ ਸਮੇ ਭਾਈ ਧੁੰਮਾ ਨੇ ਐਲਾਨ ਕੀਤਾ ਸੀ ਕਿ ਅਸੀ ਬਾਦਲ ਪਿੰਡ ਜਾ ਕੇ ਧਰਨਾ ਦੇਵਾਂਗੇ।ਜੋਸ਼ ਵਿਚ ਕੀਤੇ ਐਲਾਨ ਦਰਮਿਆਨ ਭਾਈ ਧੁੰਮਾ ਨੇ ਹਟਾਏ ਗਏ ਜਥੇਦਾਰਾਂ ਦੀ ਰਜਾਮੰਦੀ ਲੈਣੀ ਵੀ ਜਰੂਰੀ ਨਹੀ ਸਮਝੀ। ਭਾਈ ਧੁੰਮਾ ਇਹ ਜਾਣਦੇ ਸਨ ਕਿ ਗਿਆਨੀ ਰਘੰਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਜਥੇਦਾਰ ਬਨਣ ਦੀ ਬਜਾਏ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਨੂੰ ਤਰਜੀਹ ਦੇਣਾ ਠੀਕ ਸਮਝਦੇ ਸਨ ਤੇ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਆਪਣੇ ਨਾਲ ਹੋਈਆਂ ਵਧੀਕੀਆਂ ਤੋ ਬਾਅਦ ਜਥੇਦਾਰ ਦੀ ਸੇਵਾ ਕਰਨ ਦੇ ਇਛੁਕ ਹੀ ਨਹੀ ਸਨ। ਅੱਜ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਤੌਰ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਖੁਦ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਗਏ ਤੇ ਉਨਾਂ ਅਰਦਾਸੀਆ ਸਿੰਘ ਪਾਸੋ ਗਿਆਨੀ ਗੜਗੱਜ ਨੂੰ ਸਿਰੋਪਾ ਦਿਵਾ ਕੇ ਸੰਤ ਸਮਾਜ ਵਲੋ ਵਿਢੇ ਨਕਲੀ ਜਹਾਦ ਦੀ ਹਵਾ ਕਢ ਦਿੱਤੀ।