ਨਵੀਂ ਦਿੱਲੀ - ਹਰ ਰੁੱਤ ਤੇ ਮਹੀਨੇ ਦੀ ਆਪਣੀ ਵੱਖਰੀ ਪਛਾਣ ਹੈ। ਸਾਵਣ ਦਾ ਮਹੀਨਾ ਤੀਆਂ ਦੇ ਤਿਓਹਾਰ ਲਈ ਜਾਣਿਆ ਜਾਂਦਾ ਹੈ। ਤੀਆਂ ਦਾ ਤਿਓਹਾਰ ਇਸ ਮਹੀਨੇ ਦੀ ਰੂਹ ਹੈ। ਮੌਜੂਦਾ ਸਮੇਂ ਵਿਚ ਭਾਵੇਂ ਤੀਆਂ ਦੇ ਤਿਓਹਾਰ ਦਾ ਸਰੂਪ ਬਦਲ ਗਿਆ ਹੈ, ਪਰ ਪੰਜਾਬਣਾਂ ਦੇ ਮਨਾਂ ਵਿਚ ਤੀਆਂ ਲਈ ਜੋਸ਼ ਬਰਕਰਾਰ ਹੈ। ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖ਼ੇ ਸੀ ਬੀ ਐਸ ਈ ਗਤੀਵਿਧੀ ਤਹਿਤ "ਸਾਵਣ" ਕਵਿਤਾ ਦੇ ਰਾਹੀ ਤੀਆਂ ਦੇ ਤਿਉਹਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ । ਸਕੂਲ ਦੀ ਜਮਾਤ ਦਸਵੀਂ ਦੀ ਵਿਦਿਆਰਥਣ ਈਸਵੀਨ ਕੌਰ ਨੇ "ਸਾਵਣ" ਕਵਿਤਾ ਰਾਹੀਂ ਇਸ ਤਿਉਹਾਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਜਦੋਂ ਜੇਠ ਹਾੜ੍ਹ ਦੀ ਗਰਮੀ ਦੀ ਲੂਅ ਸਾਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਤਾਂ ਫਿਰ ਲੋਕਾਈ ਨੂੰ ਸਾਵਣ ਮਹੀਨੇ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਜਦੋਂ ਕੋਈ ਬੱਦਲੀ ਅਚਾਨਕ ਵਰ੍ਹਦੀ ਹੈ ਜਾਂ ਆਕਾਸ਼ ਵਿਚ ਕਿਸੇ ਪਾਸਿਓਂ ਬੱਦਲਾਂ ਦੀ ਘਟਾ ਚੜ੍ਹ ਕੇ ਆਉਂਦੀ ਹੈ ਅਤੇ ਫਿਜ਼ਾ ਵਿਚ ਬੱਦਲਾਂ ਦੀ ਗੜਗੜਾਹਟ ਪੈਦਾ ਹੁੰਦੀ ਹੈ ਤਾਂ ਗਰਮੀ ਦੇ ਸਤਾਏ ਲੋਕਾਂ ਵਿਚ ਨਵਾਂ ਜੋਸ਼ ਤੇ ਨਵੀਂ ਉਮੰਗ ਪੈਦਾ ਹੋ ਜਾਂਦੀ ਹੈ। ਪੰਛੀ ਚਹਿਕ ਉੱਠਦੇ ਹਨ। ਜਦੋਂ ਸਾਵਣ ਦਾ ਮੀਂਹ ਵਰ੍ਹਦਾ ਹੈ ਤਾਂ ਫਿਰ ਚਾਰੇ ਪਾਸੇ ਬਨਸਪਤੀ ਮਹਿਕ ਉੱਠਦੀ ਹੈ। ਹਰਿਆਲੀ ਪੈਦਾ ਹੋ ਜਾਂਦੀ ਹੈ। ਸੂਰਜ ਦੀ ਲੋਅ ਨਾਲ ਤੜਫ਼ਦੀ ਧਰਤੀ ਦੀ ਹਿੱਕ ਮੀਂਹ ਪੈਣ ਨਾਲ ਠਰ ਜਾਂਦੀ ਹੈ। ਰੁੱਖਾਂ ’ਤੇ ਨਿਖਾਰ ਆ ਜਾਂਦਾ ਹੈ। ਕਿਸਾਨ ਜੋ ਸੁੱਕਦੀਆਂ ਮੁਰਝਾਉਂਦੀਆਂ ਫ਼ਸਲਾਂ ਦੇਖ ਕੇ ਖ਼ੁਦ ਵੀ ਮੁਰਝਾਇਆ ਹੁੰਦਾ ਹੈ, ਵੀ ਬੱਦਲਾਂ ਦੀ ਘਟਾ ਦੇਖਦਿਆਂ ਝੂਮ ਉੱਠਦਾ ਹੈ। ਸਾਵਣ ਮਨਾਂ ਵਿਚ ਚੰਚਲਤਾ ਪੈਦਾ ਕਰਦਾ ਹੈ। ਇਸ ਤਰ੍ਹਾਂ ਚਾਰੇ ਪਾਸੇ ਸਾਨੂੰ ਕੁਦਰਤ ਦੇ ਕਾਦਰ ਦੀਆਂ ਸਿਫ਼ਤਾਂ ਵਿਚ ਪਿਆਰੇ ਗੀਤ ਸੁਣਨ ਨੂੰ ਮਿਲਦੇ ਹਨ। ਸਾਵਣ ਦੇ ਮਹੀਨੇ ਵਿੱਚ ਕੁੜੀਆਂ ਤੀਆਂ ਦਾ ਤਿਉਹਾਰ ਮਨਾਉਂਦੀਆਂ ਹਨ। ਚਾਰੋਂ ਪਾਸੇ ਦਾ ਮਾਹੌਲ ਬਹੁਤ ਸੁਹਾਵਣਾ ਅਤੇ ਖੁਸ਼ਨੁਮਾ ਹੋ ਜਾਂਦਾ ਹੈ। ਘਰ ਘਰ ਵਿੱਚ ਖੀਰ ਤੇ ਪੂੜੇ ਬਣਦੇ ਹਨ, ਲੋਕੀ ਰਲ ਮਿਲ ਕੇ ਨੱਚਦੇ ਟੱਪਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ। ਸਾਉਣ ਦਾ ਮਹੀਨਾ ਚੜ੍ਹਦਿਆਂ ਸਾਰ ਹੀ ਦੇਸ਼ ਵਿਚ ਤਿਓਹਾਰਾਂ ਤੇ ਮੇਲਿਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਤਿਓਹਾਰ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਇਹ ਸਾਡੀ ਏਕਤਾ, ਇਕਜੁੱਟਤਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ।