ਚੰੜੀਗੜ -ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਜਾਰੀ ਮੈਂਬਰਸ਼ਿਪ ਮੁਹਿੰਮ ਨੂੰ ਪਟਿਆਲਾ ਜ਼ਿਲੇ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ। ਹਲਕਾ ਸ਼ੁਤਰਾਣਾ ਤੋਂ ਸਾਬਕਾ ਵਿਧਾਇਕ ਬੀਬਾ ਵਨਿੰਦਰ ਕੌਰ ਲੂੰਬਾ, ਸਰਦਾਰ ਕਰਨ ਸਿੰਘ ਡੀਟੀਓ ਹਲਕਾ ਇੰਚਾਰਜ ਚਮਕੌਰ ਸਾਹਿਬ ਅਤੇ ਜਥੇ: ਮਹਿੰਦਰ ਸਿੰਘ ਲਾਲਵਾ ਮੌਜੂਦਾ ਵਰਕਿੰਗ ਕਮੇਟੀ ਮੈਂਬਰ ਸਾਬਕਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਪਟਿਆਲਾ ਅਤੇ ਸਾਬਕਾ ਜ਼ਿਲਾ ਪ੍ਰਧਾਨ ਵੱਲੋਂ ਗੁਰੂ ਸਾਹਿਬ ਤੋਂ ਅਰਦਾਸ ਦੇ ਰੂਪ ਵਿੱਚ ਓਟ ਆਸਰਾ ਲੈਕੇ ਭਰਤੀ ਦਾ ਆਗਾਜ਼ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਨਾਲ ਜੁੜਨ ਦਾ ਫੈਸਲਾ ਕਰਦੇ ਹੋਏ ਬੀਬਾ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਲਗਾਤਾਰ ਹੋਈਆਂ ਸ਼ਰਮਨਾਕ ਚੋਣਾਂ ਤੋਂ ਸਬਕ ਨਾ ਲੈਕੇ ਲਗਾਤਾਰ ਗਲਤ ਫੈਸਲੇ ਲਏ ਜਾਣ ਨਾਲ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਇਆ ਹੈ। ਬੀਬਾ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਅੱਜ ਹਰ ਵਰਗ ਆਪਣੀ ਖੇਤਰੀ ਪਾਰਟੀ ਵੱਲ ਵੇਖ ਰਿਹਾ ਹੈ। ਬੀਬਾ ਵਨਿੰਦਰ ਕੌਰ ਲੂੰਬਾ ਨੇ ਕਿਹਾ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਦੀ ਅਕਾਲੀ ਲੀਡਰਸ਼ਿਪ ਦੀ ਭਾਲ ਲਈ ਜਿਹੜਾ ਉਦਮ ਭਰਤੀ ਕਮੇਟੀ ਵਲੋ ਕੀਤਾ ਜਾ ਰਿਹਾ ਹੈ, ਇਹ ਨਿਸ਼ਚਿਤ ਰੂਪ ਵਿਚ ਪੰਜਾਬ ਅਤੇ ਪੰਥ ਦੀ ਅਗਵਾਈ ਕਰਨ ਦੇ ਸਮਰੱਥ ਹੋਵੇਗਾ।
ਇਸ ਦੇ ਨਾਲ ਹੀ ਸਰਦਾਰ ਕਰਨ ਸਿੰਘ ਡੀਟੀਓ ਹਲਕਾ ਇੰਚਾਰਜ ਚਮਕੌਰ ਸਾਹਿਬ ਨੇ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਗੇ ਆਈਏ। ਪੰਥ ਅਤੇ ਪੰਜਾਬ ਦੀਆਂ ਭਾਵਨਾਵਾਂ ਦੀ ਤਰਜਮਾਨੀ ਹੇਠ ਕਾਰਜਸ਼ੀਲ ਭਰਤੀ ਕਮੇਟੀ ਮੈਬਰਾਂ ਨੂੰ ਪੂਰਾ ਸਹਿਯੋਗ ਦੇਣ ਦੇ ਵਾਅਦੇ ਨਾਲ ਸਰਦਾਰ ਕਰਨ ਸਿੰਘ ਡੀਟੀਓ ਨੇ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਪੁਨਰ ਸੁਰਜੀਤ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਪਟਿਆਲਾ ਜ਼ਿਲੇ ਦੇ ਬਹੁੱਤ ਹੀ ਸੀਨੀਅਰ ਆਗੂ ਮੌਜੂਦਾ ਵਰਕਿੰਗ ਕਮੇਟੀ ਮੈਂਬਰ ਅਤੇ ਸਾਬਕਾ ਪੀਏਸੀ ਮੈਂਬਰ ਤੇ ਲੰਮਾ ਸਮਾਂ ਦਿਹਾਤੀ ਜਿਲਾ ਪ੍ਰਧਾਨ ਰਹੇ ਅਤੇ ਸਾਬਕਾ ਚੈਅਰਮੈਨ ਜਿਲਾ ਪਲੈਨਿੰਗ ਬੋਰਡ ਮਹਿੰਦਰ ਸਿੰਘ ਲਾਲਵਾ ਨੇ ਕਿਹਾ ਕਿ ਲੀਡਰਸ਼ਿਪ ਦੇ ਗੈਰ ਜਿੰਮੇਵਾਰਨਾ ਰਵਈਏ ਕਾਰਨ ਅੱਜ ਪਾਰਟੀ ਅਰਸ਼ ਤੋ ਫ਼ਰਸ਼ ਤੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਮਹਿਜ ਸਿਆਸੀ ਧਿਰ ਨਹੀਂ, ਸਗੋ ਪੰਜਾਬ ਦੇ ਇਤਿਹਾਸ ਦਾ ਵੀ ਅਟੁੱਟ ਹਿੱਸਾ ਹੈ। ਇਸ ਲਈ ਜੇਕਰ ਅਸੀਂ ਆਪਣੇ ਸ਼ਾਨਾਮੱਤਾ ਇਤਿਹਾਸ ਨੂੰ ਸੰਭਾਲਣ ਵੱਲ ਜਾਣਾ ਹੈ ਅਤੇ ਪੰਜਾਬ ਵਿੱਚ ਭਾਈਚਾਰਕ ਏਕਤਾ ਮਜ਼ਬੂਤ ਬਣਾਈ ਰੱਖਣਾ ਹੈ ਤਾਂ ਇਸ ਦਾ ਇਕੋ ਇੱਕ ਰਸਤਾ ਭਰਤੀ ਕਮੇਟੀ ਰਾਹੀ ਪਾਰਟੀ ਦੀ ਪੁਨਰ ਸੁਰਜੀਤੀ ਮੁਹਿੰਮ ਹੈ।