ਅੰਮ੍ਰਿਤਸਰ - ਸੇਵਾਦਾਰਾਂ ਦੀ ਭਾਰੀ ਭਰਕਮ ਫੌਜ਼ ਦੇ ਬਾਵਜੂਦ ਦੇਸ਼ ਵਿਦੇਸ਼ ਤੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਉਂਣ ਵਾਲੀਆਂ ਸੰਗਤਾਂ ਨਾਲ ਠੱਗੀ ਮਾਰਨ ਦਾ ਇਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਸਮੇ ਸਾਹਮਣੇ ਆਇਆ ਹੈ ਜਦ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ 4 ਮੈਨੇਜਰ, 10 ਇੰਚਾਰਜ ਤੇ 200 ਦੇ ਕਰੀਬ ਸੇਵਾਦਾਰ ਪਰਿਕਰਮਾ ‘ਚ ਤੈਨਾਤ ਰਹਿੰਦੇ ਹਨ।ਇਹ ਸਾਰੇ 24 ਘੰਟੇ ਦੀ ਡਿਊਟੀ ਵੱਖ ਵੱਖ ਸ਼ਿਫਟਾਂ ਵਿਚ ਕਰਦੇ ਹਨ। ਇਨੀ ਭਾਰੀ ਨਿਗਰਾਨੀ ਦੇ ਬਾਵਜੂਦ ਸੰਗਤਾਂ ਦੇ ਨਾਲ ਧੋਖਾ ਹੋ ਜਾਣਾ ਵੀ ਕਈ ਤਰ੍ਹਾਂ ਦੇ ਸਵਾਲ ਤੇ ਸ਼ੰਕੇ ਖੜੇ ਕਰਦਾ ਹੈੇ।ਗੁਰਿੰਦਰ ਸਿੰਘ ਨਾਮ ਦੇ ਵਿਅਕਤੀ ਵੱਲੋਂ ਪਰਿਕਰਮਾ ਵਿਚ ਰਹਿ ਕੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸੰਗਤਾਂ ਦੇ ਨਾਲ ਠਗੀ ਮਾਰ ਰਿਹਾ ਸੀ। ਗੁਰਿੰਦਰ ਸਿੰਘ ਗਾਈਡ ਬਣ ਕੇ ਸੰਗਤਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ ਸਿੱਖ ਇਤਿਹਾਸ ਅਤੇ ਇਤਿਹਾਸਿਕ ਮਹੱਤਤਾ ਬਾਰੇ ਪਰਿਕਰਮਾ ਵਿਚ ਹੀ ਜਾਣਕਾਰੀ ਮੁਹਈਆ ਕਰਾਉਂਦਾ ਸੀ। ਜਿਸ ਦੇ ਬਦਲੇ ਉਹ ਸੰਗਤਾਂ ਪਾਸੋਂ ਮੋਟੀ ਰਕਮ ਵਸੂਲ ਕਰਦਾ ਸੀ।ਜਿਕਰਯੋਗ ਹੈ ਕਿ ਸੰਗਤਾਂ ਨੂੰ ਜਾਣਕਾਰੀ ਮੁਹੱਈਆ ਕਰਾਉਂਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਕ ਸੂਚਨਾ ਕੇਂਦਰ ਸ੍ਰੀ ਦਰਬਾਰ ਸਾਹਿਬ, ਦੋ ਪੁੱਛ ਗਿੱਛ ਕੇਂਦਰਾਂ ਤੋਂ ਇਲਾਵਾ ਛੇ ਗਾਈਡ ਵੀ ਤੈਨਾਤ ਕੀਤੇ ਗਏ ਹਨ। ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਪਰਿਕਰਮਾ ਵਿਚ ਸਥਿਤ ਬੇਰ ਬਾਬਾ ਬੁੱਢਾ ਸਾਹਿਬ ਜੀ ਨੇੜੇ ਇਕ ਸ਼ਰਧਾਲੂ ਦੇ ਨਾਲ ਉਕਤ ਨਿਜੀ ਗਾਇਡ ਝਗੜਦਾ ਹੋਇਆ ਨਜਰ ਆਗਿੲਆ। ਪਰਿਕਰਮਾ ਦੇ ਨਿਗਰਾਨ ਸ਼ਮਸ਼ੇਰ ਸਿੰਘ ਸ਼ੇਰਾ ਨੇ ਜਦ ਇਸ ਮਾਮਲੇ ਨੂੰ ਘੋਖਣਾ ਚਾਹਿਆ ਤਾਂ ਮਾਮਲੇ ਦੀ ਡੁੰਘਾਈ ਵਿਚ ਜਾਂਦਿਆਂ ਇਹ ਪਤਾ ਲੱਗਾ ਕਿ ਇਹ ਹੁਣ ਤੱਕ ਉਕਤ ਲੱਖਾਂ ਰੁਪਏ ਆਪਣੇ ਖਾਤਿਆਂ ਰਾਹੀਂ ਸੰਗਤਾਂ ਪਾਸੋਂ ਲੈ ਚੁੱਕਾ ਹੈ। ਇਸ ਤੋਂ ਇਲਾਵਾ ਨਗਦ ਵਿਚ ਕਿੰਨੇ ਰੁਪਏ ਇਸ ਨੇ ਸੰਗਤਾਂ ਪਾਸੋਂ ਹਾਸਲ ਕੀਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸ਼ਮਸ਼ੇਰ ਸਿੰਘ ਸ਼ੇਰਾ ਵੱਲੋਂ ਗਲਿਆਰਾ ਚੌਂਕੀ ਨੂੰ ਇਸ ਵੱਲੋਂ ਝਗੜਾ ਕਰਨ ਸਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ। ਇਸ ਦੇ ਖਾਤੇ ਦੀ ਜਾਂਚ ਕਰਨ ਤੇ ਲੱਖਾਂ ਰੁਪਏ ਦਾ ਲੈਣ ਦੇਣ ਸਾਹਮਣੇ ਆਇਆ ਹੈ। ਪ੍ਰਾਈਵੇਟ ਤੌਰ ਉੱਤੇ ਗਾਈਡ ਵੱਲੋਂ ਇਸ ਤਰ੍ਹਾਂ ਦੀ ਠੱਗੀ ਮਾਰਨੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਇਸ ਮਾਮਲੇ ਦੀ ਡੁੰਘਾਈ ਨਾਲ ਜਾਣ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ ਛੇ ਸੇਵਾਦਾਰਾਂ ਦੇ ਨਾਮ ਵੀ ਗੁਰਿੰਦਰ ਸਿੰਘ ਨਾਮਕ ਗਾਇਡ ਦੇ ਨਾਲ ਜੁੜੇ ਹੋਏ ਸਾਹਮਣੇ ਆਏ ਹਨ। ਸ਼੍ਰੋਮਣੀ ਕਮੇਟੀ ਦਾ ਫਲਾਇੰਗ ਵਿਭਾਗ ਪੜਤਾਲ ਕਰ ਰਿਹਾ ਹੈ।ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿਚ ਆਉਂਦਿਆਂ ਹੀ ਫਲਾਇੰਗ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਮੁਕੰਮਲ ਰਿਪੋਰਟ ਆਉਂਣ ਤੇ ਹੀ ਕੁਝ ਦੱਸਿਆ ਜਾ ਸਕਦਾ ਹੈ।