ਗੁਰੂਆਂ ਪੀਰਾਂ ਤੇ ਫਕੀਰਾਂ ਦੀ ਧਰਤੀ ਪੰਜਾਬ ਵਿੱਚ ਅੱਜ ਇਥੋਂ ਦੀ ਵਿਧਾਨ ਸਭਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਇੱਕ ਬਿੱਲ ਪੇਸ਼ ਕੀਤਾ ਗਿਆ । ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਤੁਕ ਤਕਰੀਬਨ ਹਰ ਪੰਜਾਬੀ ਦੇ ਅਵਚੇਤਨ ਮਨ ਵਿੱਚ ਘਰ ਕੀਤੀ ਹੋਈ ਹੈ ।ਗੁਰੂਆਂ ਪੀਰਾਂ ਫਕੀਰਾਂ ਤੇ ਭਗਤਾਂ ਵੱਲੋਂ ਉਚਾਰਨ ਕੀਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਨੂੰ ਲੈ ਕੇ ਜਿੱਥੇ ਪੰਜਾਬੀ ਚਿੰਤਤ ਹੈ ਉੱਥੇ ਚੇਤਨ ਵੀ ਹੈ ਇਸੇ ਸਬੰਧ ਵਿੱਚ ਅੱਜ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਲੈ ਕੇ ਇੱਕ ਬਿੱਲ ਪੇਸ਼ ਕੀਤਾ ।ਜਿਸ ਰਾਹੀਂ ਕਰੜੇ ਹੱਥੀ ਉਹ ਇਹਨਾਂ ਮੰਦਭਾਗੀਆਂ ਘਟਨਾਵਾਂ ਅਤੇ ਉਹਨਾਂ ਵਿੱਚ ਲਿਪਤ ਸ਼ਰਾਰਤੀ ਅਨਸਰਾਂ ਨੂੰ ਨੱਪਣ ਦਾ ਸਖਤ ਉਪਰਾਲਾ ਹੋਵੇਗਾ।ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਿਲ ਸਬੰਧੀ ਵਿਧਾਨ ਸਭਾ ਵਿੱਚ ਜਾਣਕਾਰੀ ਦਿੱਤੀ ਕਿ ਇਸ ਉੱਪਰ ਚਰਚਾ ਹੋਵੇਗੀ ਜਿਸ ਤੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਮੌਜੂਦ ਪਾਰਟੀਆਂ ਨੂੰ ਸਮਾਂ ਅਲਾਟ ਕਰ ਦਿੱਤਾ ਗਿਆ ਹੈ।
ਉਹ ਆਪਣੇ ਸਮੇਂ ਵਿੱਚ ਰਹਿ ਕੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ । ਜਿਸ ਵਿੱਚ ਆਮ ਆਦਮੀ ਪਾਰਟੀ ਨੂੰ ਸਵਾ ਘੰਟੇ ਤੋਂ ਵੱਧ ਕਾਂਗਰਸ ਨੂੰ 16 ਮਿੰਟ ਅਕਾਲੀ ਦਲ ਨੂੰ ਤਿੰਨ ਮਿੰਟ, ਭਾਜਪਾ ਨੂੰ ਦੋ ਮਿੰਟ ਤੇ ਬਾਕੀ ਪਾਰਟੀਆਂ ਨੂੰ ਵੀ ਦੋ ਦੋ ਮਿੰਟ ਸਮਾਂ ਆਲਾਟ ਕਰ ਦਿੱਤਾ ਗਿਆ
ਤਾਂ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਪੀਕਰ ਸਾਹਿਬ ਤੁਸੀਂ ਇਸ ਸਬੰਧੀ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਸੀ ਕਿ ਖਰੜਾ ਅੱਜ ਪੇਸ਼ ਹੋਇਆ ਹੈ ਇਸ ਸਬੰਧੀ ਸਮਾਂ ਜਰੂਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਵਿਰੋਧੀ ਧਿਰ ਵੀ ਇਸ ਦੇ ਉੱਪਰ ਪੂਰੀ ਤਿਆਰੀ ਕਰ ਕੇ ਆ ਸਕੇ ਅਤੇ ਬੋਲ ਸਕੇ। ਵੈਸੇ ਤਾਂ ਬੇਅਦਬੀਆਂ ਦੀਆਂ ਘਟਨਾਵਾਂ ਦੀਆਂ ਜਾਣਕਾਰੀਆਂ ਬਾਰੇ ਕਾਫੀ ਕੁਝ ਪਤਾ ਹੈ ਅਤੇ ਬੋਲਿਆ ਵੀ ਜਾ ਸਕਦਾ , ਪਰੰਤੂ ਇਹ ਸੀਰੀਅਸ ਮੈਟਰ ਹੈ ਇਸ ਲਈ ਹੋਰ ਤਿਆਰੀ ਵਾਸਤੇ ਅਸੀਂ ਇੱਕ ਦਿਨ ਦੀ ਮੰਗ ਕਰਦੇ ਹਾਂ।
ਇਸ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੀਡਰ ਆਫ ਅਪੋਜੀਸ਼ਨ ਵੱਲੋਂ ਉਠਾਏ ਮੁੱਦੇ ਤੇ ਹਾਮੀ ਭਰਦਿਆਂ ਸਪੀਕਰ ਸਾਹਿਬ ਨੂੰ ਇਸ ਬਿੱਲ ਤੇ ਚਰਚਾ ਲਈ ਕੱਲ ਤੱਕ ਦਾ ਸਮਾਂ ਦੇਣ ਦੀ ਬੇਨਤੀ ਕੀਤੀ ।
ਇੱਥੇ ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ਵਿੱਚ ਇਸ ਖਰੜੇ ਨੂੰ ਰੱਖਣ ਤੋਂ ਪਹਿਲਾਂ ਭਗਵੰਤ ਕੈਬਨਟ ਨੇ ਅੱਜ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਬਾਰੇ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਉਨ੍ਹਾਂ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।
ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਨੇ ਲੋਕਾਂ ਦੇ ਹਿਰਦਿਆਂ ਨੂੰ ਧੁਰ ਅੰਦਰ ਤੱਕ ਵਲੂੰਧਰਿਆ ਅਤੇ ਸਮਾਜ ਵਿੱਚ ਬੈਚੇਨੀ ਦੀ ਸਥਿਤੀ ਵੀ ਉਤਪੰਨ ਹੋਈ। ਭਾਰਤੀ ਨਿਆਏ ਸੰਹਿਤਾ ਦੀਆਂ ਧਾਰਾਵਾਂ 298, 299 ਅਤੇ 300 ਅਜਿਹੇ ਮਾਮਲਿਆਂ ਨੂੰ ਨਜਿੱਠਣ ਸਮੇਂ ਇਨ੍ਹਾਂ ਘਟਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਲਈ ਸਖ਼ਤ ਸਜ਼ਾਵਾਂ ਨੂੰ ਤਜਵੀਜ਼ਤ ਨਹੀਂ ਕਰਦੀਆਂ। ਅਜਿਹੇ ਜੁਰਮਾਂ ਦੀ ਗੰਭੀਰਤਾ ਨੂੰ ਵਿਚਾਰਦਿਆਂ ਅਤੇ ਫਿਰਕੂ ਸਦਭਾਵਨਾ ਅਤੇ ਧਾਰਮਿਕ ਪਵਿੱਤਰਤਾ ਕਾਇਮ ਦੀ ਅਹਿਮੀਅਤ ਨੂੰ ਸਮਝਦਿਆਂ ਮੰਤਰੀ ਮੰਡਲ ਨੇ ਸਜ਼ਾ ਦੀ ਵਿਵਸਥਾ ਹੋਰ ਸਖ਼ਤ ਬਣਾਉਣ ਲਈ ਰਾਜ ਅਧਾਰਿਤ ਕਾਨੂੰਨ ਲਿਆਉਣ ਦੀ ਲੋੜ ਮਹਿਸੂਸ ਕੀਤੀ ਜਿਸ ਵਿੱਚ ਕਿਸੇ ਵੀ ਪਾਵਨ ਗ੍ਰੰਥ ਦੀ ਬੇਅਦਬੀ ਦੇ ਦੋਸ਼ੀ ਠਹਿਰਾਏ ਜਾਣ ਵਾਲਿਆਂ ਲਈ ਉਮਰ ਕੈਦ ਤੱਕ ਦੀ ਸਜ਼ਾ ਵੀ ਸ਼ਾਮਲ ਹੈ।
ਇਸ ਸੰਦਰਭ ਵਿੱਚ ਮੰਤਰੀ ਮੰਡਲ ਨੇ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਵਿੱਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਗਵਦ ਗੀਤਾ, ਪਵਿੱਤਰ ਬਾਈਬਲ, ਕੁਰਾਨ ਸ਼ਰੀਫ਼ ਅਤੇ ਹੋਰ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਸ ਕਾਨੂੰਨ ਦੇ ਲਾਗੂ ਹੋ ਜਾਣ ਨਾਲ ਸੂਬੇ ਵਿੱਚ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਤਾਕਤ ਮਿਲੇਗੀ। ਇਸ ਕਦਮ ਨਾਲ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਲਈ ਸਖ਼ਤ ਸਜ਼ਾ ਨੂੰ ਯਕੀਨੀ ਬਣਾ ਕੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਨੂੰ ਹੋਰ ਬਲ ਮਿਲੇਗਾ।
ਇਹ ਕਾਬਲੇਗੌਰ ਹੈ ਕਿ ਹੁਣ ਤੱਕ ਅਜਿਹਾ ਕੋਈ ਵਿਸ਼ੇਸ਼ ਕਾਨੂੰਨ ਮੌਜੂਦ ਨਹੀਂ ਜੋ ਪਵਿੱਤਰ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਨੂੰ ਸਿੱਧੇ ਤੌਰ ’ਤੇ ਮੁਖਾਤਬ ਹੁੰਦਾ ਹੋਵੇ ਜਿਸ ਦੇ ਨਤੀਜੇ ਵਜੋਂ ਅਪਰਾਧੀ ਗੰਭੀਰ ਕਾਰਵਾਈ ਤੋਂ ਅਕਸਰ ਬਚ ਨਿਕਲਦੇ ਸਨ। ਇਸ ਬਿੱਲ ਦਾ ਉਦੇਸ਼ ਸਾਰੇ ਧਰਮਾਂ ਅਤੇ ਫਿਰਕਿਆਂ ਨਾਲ ਜੁੜੇ ਬੇਅਦਬੀ ਦੇ ਮਾਮਲਿਆਂ ਵਿੱਚ ਸਜ਼ਾ ਦੀ ਵਿਵਸਥਾ ਕਰਕੇ ਇਸ ਕਾਨੂੰਨੀ ਖਲਾਅ ਨੂੰ ਭਰਨਾ ਹੈ। ਇਸ ਤਜਵੀਜ਼ਤ ਕਾਨੂੰਨ ਤਹਿਤ ਬੇਅਦਬੀ ਦਾ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਅਪਰਾਧ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਤਿੰਨ ਤੋਂ ਪੰਜ ਸਾਲ ਦੀ ਕੈਦ ਤੱਕ ਦੀ ਸਜ਼ਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਅਪਰਾਧ ਲਈ ਉਕਸਾਉਣ ਵਾਲਿਆਂ ਨੂੰ ਅਪਰਾਧ ਦੇ ਮੁਤਾਬਕ ਸਜ਼ਾ ਮਿਲੇਗੀ।