ਅੰਮਿਤਸਰ -ਸ੍ਰੀ ਦਰਬਾਰ ਸਾਹਿਬ ਲੰਗਰ ਹਾਲ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਭਰੀ ਈ ਮੇਲ ਤੋ ਬਾਅਦ ਅੱਜ ਇਕ ਵਾਰ ਫਿਰ ਸ਼ੋ੍ਰਮਣੀ ਕਮੇਟੀ ਦੀ ਈ ਮੇਲ ਤੇ ਧਮਕੀ ਭਰੀ ਈ ਮੇਲ ਮਿਲੀ ਜਿਸ ਦੀ ਪੁਸ਼ਟੀ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਕੀਤੀ। ਇਸ ਵਾਰ ਮਿਲੀ ਈ ਮੇਲ ਵਿਚ ਕਿਹਾ ਗਿਆ ਹੈ ਕਿ ਆਰ ਡੀ ਐਕਸ ਪਾਇਪਾਂ ਵਿਚ ਭਰ ਦਿੱਤਾ ਗਿਆ ਹੈ ਇਸ ਦੇ ਕਦੇ ਵੀ ਧਮਾਕੇ ਹੋ ਸਕਦੇ ਹਨ। ਬੀਤੇ 24 ਘੰਟੇ ਵਿਚ ਇਹ ਦੂਜੀ ਧਮਕੀ ਭਰੀ ਈ ਮੇਲ ਹੈ। ਸ਼ੋ੍ਰਮਣੀ ਕਮੇਟੀ ਦੇ ਈ ਮੇਲ ਆਈ ਡੀ ਤੇ ਸ੍ਰੀ ਦਰਬਾਰ ਸਾਹਿਬ ਬਾਰੇ ਆਈ ਇਸ ਈ ਮੇਲ ਕਾਰਨ ਸ੍ਰੀ ਦਰਬਾਰ ਸਾਹਿਬ ਪ੍ਰਸ਼ਾਸ਼ਨ, ਸ਼ੋ੍ਰਮਣੀ ਕਮੇਟੀ ਪ੍ਰਸ਼ਾ਼ਸਨ ਤੇ ਪੁਲੀਸ ਪ੍ਰਸ਼ਾਸ਼ਨ ਇਸ ਈ ਮੇਲ ਨੂੰ ਲੈ ਕੇ ਚਿੰਤਤ ਹੈ।ਸਾਦਾ ਕਪੜਿਆਂ ਵਿਚ ਪੁਲੀਸ ਅਧਿਕਾਰੀ ਤੇ ਕਰਮਚਾਰੀ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਯਾਤਰੀਆਂ ਤੇ ਨਜਰ ਰਖ ਰਹੇ ਹਨ।ਸ੍ਰੀ ਦਰਬਾਰ ਸਾਹਿਬ ਆਈ ਸੰਗਤ ਦੇ ਬੈਗ ਚੈਕ ਕੀਤੇ ਜਾ ਰਹੇ ਹਨ। ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ ਨੇ ਪੰਜਾਬ ਦੇ ਮੁਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਧਮਕੀ ਭਰੀਆਂ ਈ ਮੇਲ ਦੀਆਂ ਤੁਰੰਤ ਪੜਤਾਲ ਕਰਵਾ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿਚ ਸ੍ਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਦਫਤਰ ਵਿਚ ਅੱਜ ਇਕ ਹੋਰ ਈ ਮੇਲ ਪੁੱਜੀ ਹੈ। ਇਸ ਈ ਮੇਲ ਵਿਚ ਕਿਸੇ ਵਿਅਕਤੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਆਰ ਡੀ ਐਕਸ ਰਖਣ ਬਾਰੇ ਸੂਚਿਤ ਕੀਤਾ ਹੈ। ਇਸ ਦੀ ਤੁਰੰਤ ਪੜਤਾਲ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਅੱਜ ਵੱਡੀ ਗਿਣਤੀ ਵਿਚ ਪੁਲੀਸ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਤੈਨਾਤ ਰਹੀ। ਡਾਗ ਸਕਵੈਡ ਅਤੇ ਬੰਬ ਨਿਰੋਧਕ ਦਸਤੇ ਨੇ ਸਰਾਵਾਂ, ਗਠੜੀ ਘਰ, ਲੰਗਰ ਹਾਲ ਦੇ ਬਾਹਰ ਸਥਿਤ ਖਾਲੀ ਜਗ੍ਹਾ, ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਬਣਿਆ ਗਲਿਆਰਾ ਅਤੇ ਸ੍ਰੀ ਦਰਬਾਰ ਸਾਹਿਬ ਪਲਾਜਾ ਦੇ ਨਾਲ ਨਾਲ ਆਸ ਪਾਸ ਦੇ ਇਲਾਕੇ ਦੀ ਬਰੀਕੀ ਨਾਲ ਪੜਤਾਲ ਕੀਤੀ।ਸਾਇਬਰ ਸੈਲ ਇਸ ਈ ਮੇਲ ਬਾਰੇ ਪੜਤਾਲ ਕਰ ਰਿਹਾ ਹੈ।ਬੀ ਐਸ ਐਫ ਵੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤੈਨਾਤ ਰਹੀ।