ਨਵੀਂ ਦਿੱਲੀ- ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਕੋ ਚੇਅਰਮੈਨ ਸਰਦਾਰ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਦੀ ਅਗਵਾਈ ਹੇਠ ਸਰਦਾਰ ਹਰਮੀਤ ਸਿੰਘ ਕਾਲਕਾ ਦਾ ਦਿੱਲੀ ਗੁਰਦੁਆਰਾ ਕਮੇਟੀ ਦਾ ਮੁੜ ਪ੍ਰਧਾਨ ਬਣਨ ’ਤੇ ਅਤੇ ਜਗਦੀਪ ਸਿੰਘ ਕਾਹਲੋਂ ਨੂੰ ਜਨਰਲ ਸਕੱਤਰ ਬਣਨ ’ਤੇ ਸੁਰਯਾ ਗ੍ਰੈੰਡ ਹੋਟਲ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦਿੱਲੀ ਕਮੇਟੀ ਵਲੋਂ ਕਰਵਾਏ ਜਾ ਰਹੇ ਕੰਮਕਾਰ ਬਾਰੇ ਦਸਦੇ ਕਿਹਾ ਕਿ ਅਸੀਂ ਪਿਛਲੇ ਚਾਰ ਸਾਲਾਂ ਵਿਚ ਬਹੁਤ ਮਿਹਨਤ ਕਰ ਕੇ ਅਹਿਮ ਕਾਰਜ ਸੰਪੰਨ ਕੀਤੇ ਹਨ। ਉਹਨਾਂ ਕਿਹਾ ਕਿ ਅਸੀਂ ਵਡੀ ਕੋਸ਼ਿਸ਼ਾਂ ਕਰਦਿਆਂ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਵਾ ਦਿੱਤਾ ਹੈ ਤੇ ਇਸੇ ਬਿਲਡਿੰਗ ਵਿਚ ਪਹਿਲਾਂ ਤੋਂ ਹੀ ਮੁਫਤ ਡਾਇਲਸਿਸ ਸੈਂਟਰ ਵੀਂ ਚਲ ਰਿਹਾ ਹੈ। ਇਸੇ ਤਰੀਕੇ ਗੁਰੂ ਹਰਿਕ੍ਰਿਸ਼ਨ ਪੋਲੀ ਕਲੀਨਿਕ ਵਿਚ ਜਿਥੇ ਪਹਿਲਾਂ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਦੀ ਸਹੂਲਤ ਮਿਲ ਰਹੀ ਸੀ, ਉਥੇ ਹੁਣ ਬਜ਼ਾਰ ਨਾਲੋਂ ਸਸਤਾ ਪੈਟ ਸਕੈਨ ਵੀ ਹੋਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ ਬਲਕਿ ਵੱਖ-ਵੱਖ ਰਾਜਾਂ ਵਿਚ ਬੈਠੇ ਸਿੱਖ ਆਪਣੇ ਮਸਲਿਆਂ ਦੇ ਹੱਲ ਲਈ ਦਿੱਲੀ ਗੁਰਦੁਆਰਾ ਕਮੇਟੀ ਕੋਲ ਪਹੁੰਚ ਕਰਦੇ ਹਨ ਤਾਂ ਅਸੀਂ ਤੁਰੰਤ ਟੀਮਾਂ ਭੇਜ ਕੇ ਮਸਲੇ ਹੱਲ ਕਰਵਾਉਂਦੇ ਹਾਂ। ਉਹਨਾਂ ਕਿਹਾ ਕਿ ਕਮੇਟੀ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਮਸਲਿਆਂ ਦੇ ਹੱਲ ਵਾਸਤੇ ਸਿੱਖਾਂ ਦੀ ਬਾਂਹ ਫੜੀ ਹੈ ਜਿਸ ਨਾਲ ਸਿੱਖ ਕੌਮ ਵਿਚ ਨਵਾਂ ਵਿਸ਼ਵਾਸ ਪੈਦਾ ਹੋਇਆ ਹੈ। ਇਸ ਮੌਕੇ ਤੇ ਬੀਬੀ ਰਣਜੀਤ ਕੌਰ, ਰਮਨਜੀਤ ਸਿੰਘ ਥਾਪਰ, ਐਮ ਪੀ ਐਸ ਚੱਡਾ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਆਰਡਬਲਊਏ ਮੈਂਬਰ, ਸ਼ਬਦ ਕੀਰਤਨੀ ਜੱਥੇ, ਯੂਥ ਦਲ ਦੇ ਮੈਂਬਰ, ਇਲਾਕੇ ਦੀਆਂ ਸਿੰਘ ਸਭਾਵਾਂ ਦੇ ਮੈਂਬਰ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ ।