ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦੀ ਯੂਥ ਅਕਾਲੀ ਦਲ (ਦਿੱਲੀ ਇਕਾਈ) ਦੇ ਸਕੱਤਰ ਜਨਰਲ ਸ. ਜਸਮੀਤ ਸਿੰਘ ਪੀਤਮਪੁਰਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਸਕੱਤਰ ਜਗਦੀਪ ਸਿੰਘ ਕਾਹਲੋਂ ਉੱਤੇ ਤਿੱਖੇ ਸ਼ਬਦਾਂ ਵਿੱਚ ਹਮਲਾ ਕਰਦਿਆਂ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਗਾਤਾਰ ਬਦਹਾਲੀ ਲਈ ਸਿੱਧਾ ਜ਼ਿੰਮੇਵਾਰ ਠਹਿਰਾਇਆ ਹੈ। ਜਸਮੀਤ ਸਿੰਘ ਨੇ ਕਿਹਾ, ਚੋਣਾਂ ਨੇੜੇ ਆਉਣ ‘ਤੇ ਕਾਲਕਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਖ-ਵੱਖ ਇਲਾਕਿਆਂ ਵਿੱਚ ਆਪਣੇ ਸਵਾਗਤ ਸਮਾਰੋਹ ਦੇ ਬਹਾਨੇ ਸੰਗਤ ਨੂੰ ਮੁੰਗੇਰੀ ਲਾਲ ਦੇ ਹਸੀਨ ਸੁਪਨੇ ਵੇਚ ਰਹੇ ਹਨ। ਪਰ ਹਕੀਕਤ ਇਹ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਰਥਿਕ, ਪ੍ਰਸ਼ਾਸਕੀ ਅਤੇ ਸਿੱਖਿਅਕ ਪੱਧਰ 'ਤੇ ਢਹਿ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਕ ਬੰਨੇ ਕਾਲਕਾ-ਕਾਹਲੋਂ ਦੀ ਜੋੜੀ ਬੰਦ ਕਮਰਿਆਂ ਵਿੱਚ ਦਿੱਲੀ ਸਰਕਾਰ ਵਿੱਚ ਮੰਤਰੀ ਮਨਜਿੰਦਰ ਸਿਰਸਾ ਦੇ ਸਹਾਰੇ ਚੋਣਾਂ ਨੂੰ 2 ਤੋਂ 3 ਸਾਲ ਟਾਲਣ ਦੇ ਦਾਹਵੇ ਕਰਦੀ ਹੈ, ਜਦਕਿ ਦੂਜੇ ਬੰਨੇ ਆਪਣੇ ਸਵਾਗਤ ਸਮਾਰੋਹ ਦੇ ਬਹਾਨੇ ਚੋਣਾਂ ਦੀ ਤਿਆਰੀ ਵਾਲੇ ਸ਼ੋਅ ਕਰ ਰਹੀ ਹੈ। ਇਹ ਦੋਹਾਂ ਪਾਸਿਆਂ ਦੀ ਰਾਜਨੀਤੀ ਨਹੀਂ, ਸੰਗਤ ਨਾਲ ਵਿਸ਼ਵਾਸਘਾਤ ਹੈ। ਉਨ੍ਹਾਂ ਵਲੋਂ ਚੁੱਕੇ ਗਏ ਕੁਝ ਅਹਿਮ ਮੁੱਦੇ ਚੁੱਕੇ ਗਏ ਜਿਨ੍ਹਾਂ ਵਿਚ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੋ ਇੱਕ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਨ ਸੀ, ਅੱਜ ਬੰਦ ਹੋਣ ਦੇ ਕਗਾਰ ‘ਤੇ ਕਿਉਂ ਹੈ? ਗੁਰੂ ਤੇਗ ਬਹਾਦਰ ਸਕੂਲ (ਹਰਿਆਣਾ) ਨੂੰ ਤਾਲੇ ਲੱਗਣ ਦੀ ਨੌਬਤ ਕਿਉਂ ਆਈ? ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਇਦਾਦਾਂ ਦੀ ਨੀਲਾਮੀ, ਕੀ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਰਥਿਕ ਤਬਾਹੀ ਦਾ ਪੱਕਾ ਸਬੂਤ ਨਹੀਂ?ਉਨ੍ਹਾਂ ਕਿਹਾ ਕਿ ਅਜਿਹੀਆਂ ਕਿਹੜੀਆਂ ਨੀਤੀਆਂ ਰਹੀਆਂ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਹਾਲਤ ਤੱਕ ਲੈ ਆਈਆਂ ਹਨ ? ਜਸਮੀਤ ਸਿੰਘ ਨੇ ਸਾਫ਼ ਸ਼ਬਦਾਂ ਵਿੱਚ ਕਿਹਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਅਮਾਨਤ ਹੈ। ਇਹ ਕਿਸੇ ਵਿਅਕਤੀ ਦੀ ਚਿਹਰਾ ਸੰਵਾਰ ਮੁਹਿੰਮ ਨਹੀਂ, ਸਗੋਂ ਗੁਰਮਤਿ ਅਤੇ ਸੰਗਤ ਦੀ ਸੇਵਾ ਦਾ ਪਵਿੱਤਰ ਮੰਚ ਹੈ। ਅਫ਼ਸੋਸ ਹੈ ਕਿ ਅੱਜ ਇਹ ਸੰਸਥਾ ਸਰਕਾਰੀ ਦਖਲਅੰਦਾਜ਼ੀ, ਅਣਗੰਭੀਰ ਲੀਡਰਸ਼ਿਪ ਅਤੇ ਚਾਪਲੂਸੀ ਦੀ ਭੇਟ ਚੜ੍ਹ ਗਈ ਹੈ। ਆਖ਼ਰ ਵਿੱਚ ਉਨ੍ਹਾਂ ਮੌਜੂਦਾ ਪ੍ਰਬੰਧਕਾਂ ਨੂੰ ਕਿਹਾ ਕਿ ਸੰਗਤ ਦੇ ਸਵਾਲਾਂ ਤੋਂ ਨਾ ਭੱਜੋ ਸਾਨੂੰ ਸਾਡੇ ਸੁਆਲਾਂ ਦਾ ਜਵਾਬ ਦਿਓ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਬਾਹੀ ‘ਤੇ ਤੁਹਾਡੇ ਝੂਠੇ ਅਤੇ ਨਕਲੀ ਦਾਅਵੇ ਪਰਦਾ ਨਹੀਂ ਪਾ ਸਕਦੇ ਹਨ ।