ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਹੀ ਨਹੀਂ ਬਲਕਿ ਸਮੂਹ ਗੁਰਦੁਆਰਾ ਸਾਹਿਬਾਨਾਂ ਵਿਚ ਸੇਵਾ ਸੰਭਾਲਣ ਵਾਲੇ ਪ੍ਰਬੰਧਕਾਂ ਦਾ ਕੰਮ ਹੁੰਦਾ ਹੈ ਕਿ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿਚ ਹਰਦਮ ਜੁਟੇ ਰਹਿਣਾ ਅਤੇ ਪੰਥ ਉਪਰ ਕਿਸੇ ਕਿਸਮ ਦੇ ਹਮਲੇ ਦਾ ਜੁਆਬ ਦੇਣ ਵਿਚ ਪ੍ਰਪਕ ਰਹਿਣਾ ਨਾ ਕਿ ਨਿੱਜ ਖਾਤਿਰ ਧਰਮ ਨੂੰ ਸੀੜੀ ਬਣਾ ਕੇ ਧਰਮ ਪ੍ਰਚਾਰ ਨੂੰ ਛੱਡ ਕੇ ਰਾਜਨੀਤੀ ਵਿਚ ਜਾਣਾ ਤੇ ਪੰਥ ਵਿਰੋਧੀ ਤਾਕਤਾਂ ਨੂੰ ਪ੍ਰਹਾਰ ਕਰਣ ਦਾ ਮੌਕਾ ਦੇਂਦੇ ਰਹਿਣਾ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਪਹਿਲਾਂ ਵੀਂ ਪੰਥ ਉਪਰ ਹਮਲੇ ਕਰਦੀਆਂ ਰਹਿੰਦੀਆਂ ਸਨ ਪਰ ਸੋਸ਼ਲ ਮੀਡੀਆ ਦੇ ਆਣ ਨਾਲ ਇੰਨ੍ਹਾ ਵਿਚ ਤੇਜੀ ਆਈ ਤੇ ਹੁਣ ਏ ਆਈ ਦੇ ਆਣ ਨਾਲ ਇਹ ਬਹੁਤ ਵੱਧ ਗਏ ਹਨ । ਸੋਸ਼ਲ ਮੀਡੀਆ ਦੀ ਸਿਆਣੇ ਲੋਕ ਜਿੱਥੇ ਇਸ ਦੀ ਸਮਝਦਾਰੀ ਨਾਲ ਵਰਤੋਂ ਕਰਕੇ ਵੱਡਾ ਫਾਇਦਾ ਉਠਾ ਰਹੇ ਹਨ ਉਥੇ ਬਹੁਤੇ ਲੋਕ ਇਸ ਦੀ ਗਲਤ ਵਰਤੋਂ ਕਰਕੇ ਆਪਣਾ ਤੇ ਸਮਾਜ ਦਾ ਵੱਡਾ ਨੁਕਸਾਨ ਕਰ ਰਹੇ ਹਨ। ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਜਸਪ੍ਰੀਤ ਸਿੰਘ ਕਰਮਸਰ, ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਕੱਤਰ ਜਗਦੀਪ ਸਿੰਘ ਕਾਹਲੋਂ ਮੁੜ ਸੇਵਾ ਸੰਭਾਲਣ ਤੋਂ ਬਾਅਦ ਸਿਰੋਪਾਓ ਲੈਣ ਵਿਚ ਰੁੱਝੇ ਹੋਏ ਹਨ ਤੇ ਏ ਆਈ ਦੀ ਵਰਤੋਂ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਦਰ ਕਾਰਟੂਨੀ ਰੀਲਾ ਅਤੇ ਵੱਖ ਵੱਖ ਤਰੀਕਿਆ ਨਾਲ ਪੰਥ ਨੂੰ ਵੰਗਾਰ ਪਾਉਂਦੀਆਂ ਪੋਸਟਾਂ ਪਾ ਕੇ ਸਾਨੂੰ ਵੰਗਾਰ ਪਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਮੁੱਖੀ ਦਾ ਮੁਢਲਾ ਫਰਜ਼ ਬਣਦਾ ਹੈ ਕਿ ਦਿੱਲੀ ਕਮੇਟੀ ਵਲੋਂ ਇਕ ਮਜਬੂਤ ਆਈ ਟੀ ਵਿੰਗ ਬਣਾਇਆ ਜਾਏ ਜਿਸਦਾ ਕੰਮ ਸੋਸ਼ਲ ਮੀਡੀਆ ਦੀ ਨਿਗਰਾਨੀ ਹੋਏ ਤੇ ਕੌਈ ਵੀਂ ਪੰਥ ਵਿਰੋਧੀ, ਸਿੱਖ ਵਿਰੋਧੀ ਪੋਸਟ ਪੈਣ ਨਾਲ ਤੁਰੰਤ ਓਸਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਮੂੰਹ ਤੋੜ ਜੁਆਬ ਦਿੱਤਾ ਜਾਏ ਅਤੇ ਕੂੜ ਪ੍ਰਚਾਰ ਕਰਦੇ ਸੋਸ਼ਲ ਮੀਡੀਆ ਖਾਤੇ, ਚੈਨਲ, ਮਾੜੀਆਂ ਸਾਈਟਾਂ ਤੇ ਪਾਬੰਦੀ ਲਗਵਾਉਣ ਲਈ ਉਪਰਾਲਾ ਕੀਤਾ ਜਾਏ । ਉਨ੍ਹਾਂ ਕਿਹਾ ਕਿ ਤੁਹਾਡੀ ਸਰਪ੍ਰਸਤੀ ਹੇਠ ਜਿੱਥੇ ਸਕੂਲ ਕਾਲਜ ਤਾਂ ਖ਼ਤਮ ਹੋਣ ਦੀ ਕਗਾਰ ਹੇਠ ਪੁੱਜ ਚੁੱਕੇ ਹਨ ਤੁਹਾਨੂੰ ਕਮੇਟੀ ਪ੍ਰਬੰਧ ਤੋਂ ਹਟਾਉਣ ਲਈ ਅਰਦਾਸਾਂ ਵੀਂ ਸ਼ੁਰੂ ਹੋ ਚੁਕੀਆਂ ਹਨ ਇਸ ਲਈ ਸਿੱਖਾਂ ਤੇ ਹੋ ਰਹੇ ਵਿਰੋਧੀ ਹਮਲਿਆਂ ਬਾਬਤ ਹੀ ਕੁਝ ਐਕਸ਼ਨ ਲੈ ਲਵੋ ਤਾਂ ਪੰਥ ਦਾ ਬਹੁਤ ਭਲਾ ਹੋ ਜਾਏਗਾ । ਪੰਥ ਵਿਰੋਧੀ ਲੋਕਾਂ ਵਿਰੁੱਧ ਸਾਨੂੰ ਸਮੂਹ ਸੋਸ਼ਲ ਪਲੇਟਫਾਰਮਾਂ ’ਤੇ ਬਾਜ਼ ਅੱਖ ਨਾਲ ਨਿਗਰਾਨੀ ਕਰਨ ਦੀ ਸਖ਼ਤ ਲੋੜ ਹੈ ਕਿਉਂਕਿ ਇਹ ਅਨਸਰ ਸਮਾਜ ਲਈ ਵੀਂ ਵੱਡਾ ਖਤਰਾ ਪੈਦਾ ਕਰ ਰਹੇ ਹਨ।