ਨਵੀਂ ਦਿੱਲੀ-1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਖਿਲਾਫ ਕੇਸ ਵਿਚ ਪੁੱਲ ਬੰਗਸ਼ ਮਾਮਲਾ ਜਿਸ ਵਿਚ ਤਿੰਨ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ, ਇਸ ਕੇਸ ਦੀ ਇਕ ਅਹਿਮ ਗਵਾਹ ਹਰਪਾਲ ਕੌਰ ਨੇ ਅਦਾਲਤ ਅੰਦਰ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਉਸ ਵੇਲੇ ਪੁੱਲ ਬੰਗਸ਼ ਇਲਾਕੇ ਵਿਚ ਬਾਦਲ ਸਿੰਘ, ਠਾਕੁਰ ਸਿੰਘ ਤੇ ਗੁਰਚਰਨ ਸਿੰਘ ਦਾ ਕਤਲ ਕੀਤਾ ਗਿਆ ਸੀ ਤੇ ਭੀੜ ਨੂੰ ਜਗਦੀਸ਼ ਟਾਈਟਲਰ ਨੂੰ ਭੜਕਾਇਆ ਸੀ। ਉਹਨਾਂ ਦੱਸਿਆ ਕਿ ਅੱਜ ਵੀ ਕਾਂਗਰਸੀ ਆਗੂ ਟਾਈਟਲਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਸਨੇ ਦੋ ਦਿਨ ਪਹਿਲਾਂ ਹਰਪਾਲ ਕੌਰ ਨੂੰ ਧਮਕਾਇਆ ਜਿਸਦੀ ਅਸੀਂ ਤੁਰੰਤ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਤੇ ਜੱਜ ਸਾਹਿਬ ਦੇ ਸਾਹਮਣੇ ਵੀ ਜ਼ਿਕਰ ਕੀਤਾ। ਮਾਣਯੋਗ ਜੱਜ ਨੇ ਕਿਹਾ ਕਿ ਤੁਸੀਂ ਇਸਦੀ ਵੱਖਰੇ ਤੌਰ ’ਤੇ ਅਰਜ਼ੀ ਲਗਾਓ ਤੇ ਐਫ ਆਈ ਆਰ ਕਰਵਾਓ, ਇਹ ਕੇਸ ਵੱਖਰੇ ਤੌਰ ’ਤੇ ਚੱਲੇਗਾ। ਉਹਨਾਂ ਨੇ ਇਸ ਮੌਕੇ ’ਤੇ 1984 ਦੇ ਸਿੱਖ ਕਤਲੇਆਮ ਦੀਆਂ ਪੀੜਤ ਮਹਿਲਾਵਾਂ ਦਾ ਇਸ ਅਹਿਮ ਗਵਾਹੀ ਮੌਕੇ ਵੱਡੀ ਗਿਣਤੀ ਵਿਚ ਪਹੁੰਚਣ ’ਤੇ ਧੰਨਵਾਦ ਕੀਤਾ ਤੇ ਦੱਸਿਆ ਕਿ ਇਹਨਾਂ ਭੈਣਾਂ ਨੇ ਜ਼ਖ਼ਮ ਆਪਣੇ ਪਿੰਡੇ ’ਤੇ ਝੱਲੇ ਹਨ ਤੇ ਪੇਸ਼ੀ ’ਤੇ ਆਉਣ ਮੌਕੇ ਉਹ ਤਾਜ਼ਾ ਹੀ ਹੁੰਦੇ ਹਨ। ਉਹਨਾਂ ਕਿਹਾ ਕਿ ਸਾਨੂੰ ਨਿਆਂ ਪਾਲਿਕਾ ’ਤੇ ਪੂਰਨ ਭਰੋਸਾ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਕਿ ਜਗਦੀਸ਼ ਟਾਈਟਲਰ ਸਲਾਖਾਂ ਪਿੱਛੇ ਜਾਵੇ ਤੇ ਆਪਣੇ ਕੀਤੇ ਦੀ ਸਜ਼ਾ ਭੁਗਤੇ। ਉਹਨਾਂ ਕਿਹਾ ਕਿ ਅਸੀਂ ਬਾਕੀ ਕੇਸਾਂ ਦੀ ਵੀ ਡਟਵੀਂ ਪੈਰਵੀ ਕਰ ਰਹੇ ਹਾਂ ਤੇ ਹਰ ਦੋਸ਼ੀ ਨੂੰ ਸਜ਼ਾ ਮਿਲਣੀ ਯਕੀਨੀ ਬਣਾਵਾਂਗੇ।