ਨਵੀਂ ਦਿੱਲੀ - ਸ੍ਰੀ ਦਰਬਾਰ ਸਾਹਿਬ ਸਿਰਫ਼ ਇੱਕ ਧਾਰਮਿਕ ਸਥਾਨ ਹੀ ਨਹੀਂ ਹੈ ਸਗੋਂ ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਲੋਕ ਅਧਿਆਤਮਿਕ ਗਿਆਨ, ਸ਼ਾਂਤੀ ਅਤੇ ਏਕਤਾ ਦੀ ਭਾਲ ਵਿੱਚ ਆਉਂਦੇ ਹਨ। ਪਰ ਕੁਝ ਸ਼ਰਾਰਤੀ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਹੈ ਤੇ ਓਹ ਮਨੁੱਖਤਾ ਵਿਰੋਧੀ ਕਾਰਵਾਈ ਕਰਕੇ ਲੋਕਾਂ ਦੇ ਮੰਨ ਨੂੰ ਭਾਰੀ ਠੇਸ ਪਹੁੰਚਾਦੇ ਹਨ । ਇੰਸਟਾਗ੍ਰਾਮ ਤੇ ਸ੍ਰੀ ਦਰਬਾਰ ਸਾਹਿਬ ਦੀ ਏ ਆਈ ਦੀ ਵਰਤੋਂ ਨਾਲ ਕਾਰਟੁਨੀ ਕਲਿੱਪਾਂ ਬਣਾ ਕੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਵਡੀ ਠੇਸ ਪਹੁੰਚਾਈ ਜਾ ਰਹੀ ਹੈ । ਇਸ ਬਾਰੇ ਜਾਣਕਾਰੀ ਦੇਂਦਿਆ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਾਰਮਿਕ ਵਿੰਗ ਦੇ ਸਾਬਕਾ ਕੋ ਚੇਅਰਮੈਨ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਦਵਿੰਦਰ ਸਿੰਘ 14 ਬੀ.ਡੀ ਨਾਮ ਦੇ ਖਾਤੇ ਵਲੋਂ ਹੱਦਾਂ ਪਾਰ ਕਰਦੇ ਹੋਏ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾਂ ਅੰਦਰ ਕਾਰਟੂਨੀ ਕਿਰਦਾਰਾਂ ਨੂੰ ਦਿਖਾ ਕੇ ਨਾ ਸਹਿਣ ਯੋਗ ਕਲਿੱਪਾਂ ਬਣਾ ਕੇ ਪੋਸਟ ਕੀਤੀਆਂ ਜਾ ਰਹੀਆਂ ਹਨ ਓਸ ਵਿਰੁੱਧ ਸਭ ਨੂੰ ਅੱਗੇ ਆ ਕੇ ਇੰਨ੍ਹਾ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਣ, ਸਿੱਖ ਰਹਿਤ ਮਰਿਆਦਾ ਨਾਲ ਖਿਲਵਾੜ, ਧਾਰਮਿਕ ਅਸਥਾਨਾਂ ਦੇ ਪਵਿੱਤਰ ਰੂਪ ਨੂੰ ਸਾਜ਼ਿਸ਼ ਤਹਿਤ ਵਿਗਾੜਨਾ ਵਰਗੇ ਗੰਭੀਰ ਅਪਰਾਧਾਂ ਅਧੀਨ ਕਾਰਵਾਈ ਕਰਵਾਣ ਦੀ ਸਖ਼ਤ ਲੋੜ ਹੈ । ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਇੰਨ੍ਹਾ ਵਲੋਂ ਬਾਬੇ ਨਾਨਕ ਦੀਆਂ ਫੋਟੋਆਂ ਨੂੰ ਵੀਂ ਏ ਆਈ ਦੀ ਵਰਤੋਂ ਨਾਲ ਚਲਦਿਆ ਫਿਰਦਿਆਂ ਲੋਕਾਂ ਨੂੰ ਅਸ਼ੀਰਵਾਦ ਦੇਂਦਿਆ ਦਿਖਾਇਆ ਜਾ ਰਿਹਾ ਹੈ । ਉਨ੍ਹਾਂ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਐਸਜੀਪੀਸੀ ਪ੍ਰਧਾਨ, ਸਿੱਖ ਪੰਥ ਦੀਆਂ ਸਮੂਹ ਧਾਰਮਿਕ ਅਤੇ ਸਿਆਸੀ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਹਮਲੇ ਵਿਰੁੱਧ ਇਕ ਪੈਨਲ ਬਣਾਇਆ ਜਾਏ ਜਿਨ੍ਹਾਂ ਵਿਚ ਤਜੁਰਬੇਕਾਰ ਵਕੀਲ ਵੀਂ ਹੋਣ ਅਤੇ ਉਨ੍ਹਾਂ ਦਾ ਕੰਮ ਦੋਸ਼ੀਆਂ ਨੂੰ ਕਾਨੂੰਨੀ ਘੇਰੇ ਅੰਦਰ ਲਿਆ ਕੇ ਸਜ਼ਾ ਦਿਵਾਉਣਾ ਹੋਵੇ ।