ਨਵੀਂ ਦਿੱਲੀ- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ ਕਿਤਾਬ ‘ਕੌਰਨਾਮਾ-2’ ਖਾਲਸਤਾਨ ਕਮਾਂਡੋ ਫੋਰਸ ਦੇ ਦੂਜੇ ਮੁੱਖੀ ਸ਼ਹੀਦ ਜਰਨਲ ਭਾਈ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ ਪਿੰਡ ਪੰਜਵੜ੍ਹ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਵਿੱਚ ਜਾਰੀ ਕੀਤੀ ਜਾਵੇਗੀ। ਇਹ ਕਿਤਾਬ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਵਾਰਸਾਂ ਵੱਲੋਂ ਸੰਗਤ ਦੇ ਸਨਮੁੱਖ ਕੀਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਖਾਲਸਤਾਨ ਲਹਿਰ ਦੇ ਆਗੂ ਤੇ ਚਿੰਤਕ ਭਾਈ ਦਲਜੀਤ ਸਿੰਘ ਖਾਲਸਾ ਬਿੱਟੂ ਤੇ ਪੰਚ ਪ੍ਰਧਾਨੀ ਜਥੇ ਦੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਸਾਂਝੇ ਤੌਰ ’ਤੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਉਹਨਾਂ ਦੱਸਿਆ ਕਿ ਖਾਲਸਤਾਨ ਕਮਾਂਡੋ ਫੋਰਸ ਮੁੱਖੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਦਿਸ਼ਾ ਨਿਰਦੇਸ਼ਾਂ ’ਤੇ ਲਹਿਰ ਦੀਆਂ ਸ਼ਹੀਦ ਸਿੰਘਣੀਆਂ ਬਾਰੇ ਤੱਥ ਇਕੱਠੇ ਕਰਕੇ ਲਿਖਣ ਦਾ ਕੰਮ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਨੂੰ ਸੌਪਿਆ ਗਿਆ ਸੀ, ਜੋ ਉਹਨਾਂ ਦਿਨ ਰਾਤ ਦੀ ਸਖ਼ਤ ਮਿਹਨਤ ਸਦਕਾ ਪੂਰ ਚੜਾਇਆ ਤੇ ਇਹ ਦਸਤਾਵੇਜੀ ਰੂਪੀ ਕਿਤਾਬ ਵੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਨੂੰ ਸਮਪ੍ਰਤ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕਿਤਾਬ ‘ਕੌਰਨਾਮਾ’ ਦੇ ਪਹਿਲੇ ਭਾਗ ਵਾਂਗ ‘ਕੌਰਨਾਮਾ-2’ ਵਿੱਚ ਜ਼ਿਕਰ ਸ਼ਹੀਦ ਸਿੰਘਣੀਆਂ ਦੀਆਂ ਸਾਖ਼ੀਆਂ ਨੂੰ, ਪਹਿਲੇ ਹਿੱਸੇ ਸ਼ਹੀਦ ਖਾੜਕੂ ਬੀਬੀਆਂ, ਦੂਜੇ ਹਿੱਸੇ ਖਾੜਕੂ ਲਹਿਰ ਦੀਆਂ ਹਿਮਾਇਤੀ ਜਾਂ ਖਾੜਕੂਆਂ ਦੇ ਪਰਿਵਾਰਾਂ ਦੀਆਂ ਸ਼ਹੀਦ ਬੀਬੀਆਂ ਤੇ ਤੀਜੇ ਹਿੱਸੇ ਵਿੱਚ ਸ਼ਹੀਦ ਕੀਤੀਆਂ ਗਈਆਂ ਘਰੇਲੂ ਬੀਬੀਆਂ ਜੋ ਕੇਵਲ ਸਿੱਖ ਹੋਣ ਕਾਰਣ ਹੀ ਮੌਤ ਦੇ ਘਾਟ ਉਤਾਰ ਦਿੱਤੀਆਂ, ਨੂੰ ਤਿੰਨ ਹਿੱਸਿਆਂ ਵਿਚ ਵੰਡੀਆਂ ਹੋਇਆ ਹੈ। ਭਾਈ ਦਲਜੀਤ ਸਿੰਘ ਖਾਲਸਾ ਜੀ ਨੇ ਕਿਹਾ ਕਿ ਇਸ ਕਾਰਜ ਦੇ ਜਾਰੀ ਰਹਿਣ ਦੀ ਪੂਰੀ ਉਮੀਦ ਹੈ ਤਾਂ ਕਿ ਹਰ ਇਕ ਯੋਧੇ ਦੀ ਕੁਰਬਾਨੀ ਦਾ ਇਤਿਹਾਸ ਲਿਖਿਆ ਜਾਵੇ। ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਿਪਾਲੀ, ਭਾਈ ਭਗਵਾਨ ਸਿੰਘ ਸੰਧੂ ਖੁਰਦ ਨੇ ਵੱਧ ਤੋਂ ਵੱਧ ਸੰਗਤ ਨੂੰ ਇਸ ਬਰਸੀ ਮੌਕੇ ਦਰਸ਼ਨ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਮਹਾਨ ਇਤਿਹਾਸ ਨੂੰ ਯਾਦ ਕਰੀਏ।