ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ ਦਿਲੀ ਸਟੇਟ ਦੇ ਸੀਨੀਅਰ ਮੈਂਬਰ ਸਰਦਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਦੀ ਅਗਵਾਈ ਹੇਠ ਹਰੀ ਨਗਰ ਦੀ ਸੰਗਤ ਵੱਲੋਂ ਕਮੇਟੀ ਦਾ ਮੁੜ ਪ੍ਰਧਾਨ ਬਣਨ ’ਤੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਬਣਨ ’ਤੇ ਜਗਦੀਪ ਸਿੰਘ ਕਾਹਲੋਂ ਨੂੰ ਸਨਮਾਨਤ ਕੀਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ ਬਲਾਕ ਹਰੀ ਨਗਰ ਵਿਖੇ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਨੇ 2021 ਵਿਚ ਸਾਨੂੰ ਸੇਵਾ ਬਖਸ਼ੀ ਸੀ ਜਿਸਦੀ ਬਦੌਲਤ ਅਸੀਂ ਪਿਛਲੇ ਚਾਰ ਸਾਲਾਂ ਵਿਚ ਬਹੁਤ ਮਿਹਨਤ ਕਰ ਕੇ ਅਹਿਮ ਕਾਰਜ ਸੰਪੰਨ ਕੀਤੇ ਹਨ। ਉਹਨਾਂ ਕਿਹਾ ਕਿ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਇੱਛਾ ਸੀ ਕਿ ਬਾਲਾ ਸਾਹਿਬ ਹਸਪਤਾਲ ਬਣੇ ਅਤੇ ਅਸੀਂ ਉਹਨਾਂ ਦੀ ਇੱਛਾ ਦੀ ਪੂਰਤੀ ਕਰਦਿਆਂ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਬਿਲਡਿੰਗ ਵਿਚ ਪਹਿਲਾਂ ਮੁਫਤ ਡਾਇਲਸਿਸ ਸੈਂਟਰ ਚਲ ਰਿਹਾ ਹੈ। ਇਸੇ ਤਰੀਕੇ ਗੁਰੂ ਹਰਿਕ੍ਰਿਸ਼ਨ ਪੋਲੀ ਕਲੀਨਿਕ ਵਿਚ ਜਿਥੇ ਪਹਿਲਾਂ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਦੀ ਸਹੂਲਤ ਮਿਲ ਰਹੀ ਸੀ, ਉਥੇ ਹੁਣ ਬਜ਼ਾਰ ਨਾਲੋਂ ਸਸਤਾ ਪੈਟ ਸਕੈਨ ਵੀ ਹੋਣ ਲੱਗ ਪਿਆ ਹੈ। ਉਹਨਾਂ ਦੱਸਿਆ ਕਿ ਸਾਡੀ ਧਰਮ ਪ੍ਰਚਾਰ ਕਮੇਟੀ ਨੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਗਰਮੀ ਦੀਆਂ ਛੁੱਟੀਆਂ ਵਿਚ ਗੁਰਮਤਿ ਕੈਂਪ ਲਗਾਉਣ ਦੀ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਇਆ ਹੈ ਤੇ ਅੱਜ ਸਿਰਫ ਦਿੱਲੀ ਹੀ ਨਹੀਂ ਬਲਕਿ ਹਰਿਆਣਾ, ਰਾਜਸਥਾਨ ਤੇ ਉੱਤਰਾਖੰਡ ਸਮੇਤ ਵੱਖ-ਵੱਖ ਰਾਜਾਂ ਵਿਚ ਇਹ ਕੈਂਪ ਲਗਾਉਣ ਵਿਚ ਕਮੇਟੀ ਨੂੰ ਸਫਲਤਾ ਮਿਲੀ ਹੈ।
ਉਹਨਾਂ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ ਬਲਕਿ ਵੱਖ-ਵੱਖ ਰਾਜਾਂ ਵਿਚ ਬੈਠੇ ਸਿੱਖ ਆਪਣੇ ਮਸਲਿਆਂ ਦੇ ਹੱਲ ਲਈ ਦਿੱਲੀ ਗੁਰਦੁਆਰਾ ਕਮੇਟੀ ਕੋਲ ਪਹੁੰਚ ਕਰਦੇ ਹਨ ਤਾਂ ਅਸੀਂ ਤੁਰੰਤ ਟੀਮਾਂ ਭੇਜ ਕੇ ਮਸਲੇ ਹੱਲ ਕਰਵਾਉਂਦੇ ਹਾਂ। ਉਹਨਾਂ ਕਿਹਾ ਕਿ ਕਮੇਟੀ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਮਸਲਿਆਂ ਦੇ ਹੱਲ ਵਾਸਤੇ ਸਿੱਖਾਂ ਦੀ ਬਾਂਹ ਫੜੀ ਹੈ ਜਿਸ ਨਾਲ ਸਿੱਖ ਕੌਮ ਵਿਚ ਨਵਾਂ ਵਿਸ਼ਵਾਸ ਪੈਦਾ ਹੋਇਆ ਹੈ। ਸਰਕਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹਰੀ ਨਗਰ ਦੀ ਸੰਗਤ ਨੇ ਵੀ 2021 ਵਿਚ ਸਰਦਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਦੀ ਝੋਲੀ ਸੇਵਾ ਪਾਈ ਸੀ ਤੇ ਉਹ ਵੀ ਪੂਰੇ ਸਮਰਪਣ ਭਾਵ ਨਾਲ ਸੰਗਤ ਦੀ ਸੇਵਾ ਕਰ ਰਹੇ ਹਨ। ਉਹਨਾਂ ਇਕ ਵਾਰ ਫਿਰ ਤੋਂ ਇਸ ਮਾਣ ਤੇ ਸਤਿਕਾਰ ਲਈ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਸ੍ਰ ਆਤਮਾ ਸਿੰਘ ਲੁਬਾਣਾ, ਬੀਬੀ ਰਣਜੀਤ ਕੌਰ, ਭੁਪਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ ਭਾਟੀਆ, ਰਮਨਜੋਤ ਸਿੰਘ, ਰਮਨਜੀਤ ਸਿੰਘ ਥਾਪਰ, ਇੰਦਰ ਪ੍ਰੀਤ ਸਿੰਘ ਕੋਛੜ, ਜਗਜੀਤ ਸਿੰਘ ਗਾਂਧੀ, ਸੁਦੀਪ ਸਿੰਘ, ਕੰਵਲਜੀਤ ਸਿੰਘ ਡਰਬੀ, ਰਵਿੰਦਰ ਸਿੰਘ ਸੋਨੂੰ ਦਾ ਵੀ ਸਨਮਾਨ ਕੀਤਾ ਗਿਆ।