ਅੰਮ੍ਰਿਤਸਰ- ਨਿਹੰਗ ਸਿੰਘਾਂ ਦੀ ਮੁਖ ਸੰਸਥਾ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਿੱਖਾਂ ਦੇ ਸਰਵਉਚ ਧਾਰਮਿਕ ਅਸਥਾਨਾਂ ਨੂੰ ਬੰਬ ਨਾਲ ਉਡਾਉਣ ਦੀਆਂ ਈਮੇਲਜ਼ ਰਾਹੀਂ ਮਿਲ ਰਹੀਆਂ ਧਮਕੀਆਂ ਨਾਲ ਗੁਰੂ ਘਰ ਦੇ ਸਰਧਾਲੂਆਂ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਪਹਿਲਾਂ ਹਰਿਮੰਦਰ ਸਾਹਿਬ ਨੂੰ ਸਤ ਈਮੇਲਜ਼ ਮਿਲ ਚੁਕੀਆਂ ਹਨ ਹੁਣ ਬਿਦਰ ਵਿੱਚ ਗੁਰੂ ਨਾਨਕ ਸਾਹਿਬ ਦੇ ਇਤਿਹਾਸਕ ਅਸਥਾਨ ਗੁ: ਨਾਨਕਝੀਰਾ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਪ੍ਰਬੰਧਕਾਂ ਨੂੰ ਮਿਲੀ ਹੈ। ਇਹ ਸਿਰਫਿਰੇ ਗੰਦੀ ਸੋਚਵਾਲੇ ਮਾੜੇ ਅਨਸਰ ਜੋ ਆਮ ਜਨਤਾ ਵਿੱਚ ਡਰ ਭੈਅ ਦਾ ਮਹੌਲ ਪੈਦਾ ਕਰ ਰਹੇ ਹਨ। ਅਸਲ ਵਿਚ ਇਹ ਹੀ ਲੋਕ ਅਤੰਕਵਾਦੀ ਹਨ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੂੰ ਇਨ੍ਹਾਂ ਧਾਰਮਿਕ ਸੰਵੇਦਨਸ਼ੀਲ ਮੁੱਦੇ ਵੱਲ ਲੋੜੇ ਵਧ ਧਿਆਨ ਕੇਂਦਰਤ ਕਰਕੇ ਦੋਸ਼ੀਆਂ ਨੂੰ ਜਨਤਾ ਦੀ ਕਚਹਿਰੀ ‘ਚ ਨੰਗਿਆ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਵਿਰੁੱਧ ਸਖ਼ਤ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਗ੍ਰਿਫਤਾਰ ਹੋਏ ਵਿਅਕਤੀ ਦੀਆਂ ਤਾਰਾਂ ਹੋ ਸਕਦਾ ਬਾਕੀ ਸਰਗਨੇ ਨਾਲ ਹੀ ਸਬੰਧਤ ਹੋਣ ਜਿਨ੍ਹਾਂ ਵੱਲੋਂ ਵੱਖ-ਵੱਖ ਅਸਥਾਨਾਂ ਨੂੰ ਅਜਿਹੀਆਂ ਈਮੇਲਜ਼ ਲਗਾਤਾਰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਨੈਨਸ਼ਲ ਮੀਡੀਏ ਦੇ ਲੋਕ ਇਸ ਮੁੱਦੇ ਨੂੰ ਸੁਹਿਦਤਾ ਨਾਲ ਉਭਾਰਣ।