ਚੰਡੀਗੜ੍ਹ- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਵਿੱਚ ਬਾਲ ਭਿੱਖਿਆ ਨੂੰ ਜੜ ਤੋਂ ਖ਼ਤਮ ਕਰਨ ਲਈ ਠੋਸ ਅਤੇ ਜਮੀਨੀ ਪੱਧਰ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਅੱਜ ਸੂਬੇ ਭਰ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ 47 ਭੀਖ ਮੰਗਣ ਲਈ ਮਜ਼ਬੂਰ ਕੀਤੇ ਗਏ ਬੱਚਿਆਂ ਨੂੰ ਰੈਸਕਿਉ ਕੀਤਾ ਗਿਆ। ਇਹ ਜਾਣਕਾਰੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਦੱਸਿਆ ਕਿ ਜੀਵਨਜੋਤ ਮੁਹਿੰਮ ਤਹਿਤ ਵਿਭਾਗ ਦੀਆਂ ਜ਼ਿਲ੍ਹਾ ਬਾਲ ਸੁਰੱਖਿਆ ਟੀਮਾਂ ਵੱਲੋਂ 31 ਛਾਪੇ ਮਾਰੇ ਗਏ। ਇਹਨਾਂ ਛਾਪਿਆਂ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1, ਬਰਨਾਲਾ 2, ਬਠਿੰਡਾ 4, ਫਿਰੋਜ਼ਪੁਰ 3, ਫਤਹਿਗੜ੍ਹ ਸਾਹਿਬ 2, ਗੁਰਦਾਸਪੁਰ 9, ਫਾਜ਼ਿਲਕਾ 1, ਹੁਸ਼ਿਆਰਪੁਰ 5, ਮਲੇਰਕੋਟਲਾ 2, ਪਟਿਆਲਾ 9, ਰੂਪਨਗਰ 2 ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ 7 ਮਜਬੂਰ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਰੈਸਕਿਉ ਕੀਤੇ 30 ਬੱਚਿਆਂ ਦੀ ਦਸਤਾਵੇਜ਼ੀ ਜਾਂਚ ਉਪਰੰਤ ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕੀਤਾ ਗਿਆ, ਜਦਕਿ 17 ਬੱਚੇ, ਜਿਨ੍ਹਾਂ ਦੇ ਮਾਪਿਆਂ ਦੀ ਪਛਾਣ ਨਹੀਂ ਹੋ ਸਕੀ, ਉਨ੍ਹਾਂ ਨੂੰ ਚਾਈਲਡ ਕੇਅਰ ਇੰਸਟੀਟਿਊਸ਼ਨਾਂ ਵਿੱਚ ਭੇਜਿਆ ਗਿਆ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਜੇਕਰ ਕਿਸੇ ਰੈਸਕਿਉ ਕੀਤੇ ਗਏ ਬੱਚੇ ਦੇ ਮਾਮਲੇ ਵਿੱਚ ਸੰਦਰਭਿਤ ਬਾਲ ਭਲਾਈ ਕਮੇਟੀ ਨੂੰ ਇਹ ਸ਼ੱਕ ਜਾਂ ਸੰਭਾਵਨਾ ਹੋਵੇ ਕਿ ਮਾਮਲਾ ਗੰਭੀਰ ਹੈ ਅਤੇ ਇਸ ਵਿੱਚ ਕਾਨੂੰਨੀ ਜਾਂਚ ਜ਼ਰੂਰੀ ਹੈ, ਤਾਂ ਐਫ.ਆਈ.ਆਰ. ਦਰਜ ਕਰਨ ਜਾਂ ਡੀ.ਐਨ.ਏ. ਟੈਸਟ ਕਰਵਾਉਣ ਵਰਗੀਆਂ ਕਾਰਵਾਈਆਂ ਵੀ ਸਬੰਧਤ ਡਿਪਟੀ ਕਮਿਸ਼ਨਰ ਦੀ ਪ੍ਰਵਾਨਗੀ ਹੇਠ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪੜਾਅ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਕਿਸੇ ਵੀ ਬੱਚੇ ਨਾਲ ਹੋ ਰਹੀ ਉਲੰਘਣਾ ਜਾਂ ਸ਼ੱਕ ਦੇ ਅਧੀਨ ਹਾਲਾਤ ਨੂੰ ਗੰਭੀਰਤਾ ਨਾਲ ਲੈ ਕੇ ਕਾਨੂੰਨੀ ਅਤੇ ਵਿਗਿਆਨਕ ਪੱਧਰ 'ਤੇ ਨਿਪਟਿਆ ਜਾਵੇ।
ਉਨ੍ਹਾਂ ਸਖ਼ਤ ਸਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਵਾਰ ਵਾਰ ਸਮਝਾਉਣ ਦੇ ਬਾਵਜੂਦ ਵੀ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਦੇ ਹਨ, ਤਾਂ ਉਨ੍ਹਾਂ ਨੂੰ ਅਣਫਿਟ ਗਾਰਡੀਅਨ ਘੋਸ਼ਿਤ ਕਰਕੇ ਕਾਨੂੰਨੀ ਤੌਰ 'ਤੇ ਸਖ਼ਤ ਸਜ਼ਾਵਾਂ ਦੇਣ ਲਈ ਕਾਰਵਾਈ ਉਲੀਕੀ ਜਾਵੇਗੀ । ਜੇਕਰ ਇਹ ਸਾਬਤ ਹੁੰਦਾ ਹੈ ਕਿ ਕਿਸੇ ਤਸਕਰੀ ਜਾਂ ਅਪਰਾਧਿਕ ਗਤਿਵਿਧੀ ਨਾਲ ਇਹ ਭਿੱਖ ਮੰਗਵਾਈ ਜਾ ਰਹੀ ਸੀ ਤਾਂ ਐਸੀਆਂ ਸਰਗਰਮੀਆਂ ਵਿੱਚ ਲੱਗੇ ਤੱਤਾਂ ਖਿਲਾਫ਼ ਕਠੋਰ ਕਾਰਵਾਈ ਕੀਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਜੀਵਨਜੋਤ ਪ੍ਰਾਜੈਕਟ 2.0 ਸਿਰਫ਼ ਰੈਸਕਿਉ ਕਾਰਵਾਈ ਹੀ ਨਹੀਂ, ਸਗੋਂ ਬੱਚਿਆਂ ਦੀ ਸੁਰੱਖਿਆ, ਪੁਨਰਵਾਸ ਅਤੇ ਸਰਬਪੱਖੀ ਵਿਕਾਸ ਵੱਲ ਇਕ ਪੂਰਾ ਮਾਡਲ ਹੈ। ਇਹ ਮੁਹਿੰਮ "ਰੰਗਲਾ ਪੰਜਾਬ" ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਾਬਤ ਹੋਵੇਗੀ।
ਡਾ. ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭੀਖ ਮੰਗਦੇ ਬੱਚਿਆਂ ਨੂੰ ਭੀਖ ਨਾ ਦਿੱਤੀ ਜਾਵੇ ਅਤੇ ਜੇਕਰ ਅਜਿਹਾ ਕੋਈ ਮਾਮਲਾ ਵੇਖਣ ਨੂੰ ਮਿਲੇ ਤਾਂ ਚਾਈਲਡ ਹੈਲਪ ਲਾਈਨ ਨੰਬਰ 1098 'ਤੇ ਤੁਰੰਤ ਜਾਣਕਾਰੀ ਦਿੱਤੀ ਜਾਵੇ।