ਨਵੀਂ ਦਿੱਲੀ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹਰਿਆਣਾ ਦੇ ਪਿੰਡ ਬੀਘੜ, ਜ਼ਿਲ੍ਹਾ ਫਤਿਹਾਬਾਦ ਤੋਂ ਆਈ ਹੋਈ ਸੰਗਤ ਨਾਲ ਬਹੁਤ ਸੁਖਾਵੇਂ ਮਾਹੌਲ ਵਿੱਚ ਇਕ ਮਹਤਵਪੂਰਨ ਮੀਟਿੰਗ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਹੋਈ ।
ਇਸ ਮੀਟਿੰਗ ਵਿੱਚ ਕਈ ਮਹਤਵਪੂਰਨ ਫ਼ੈਸਲੇ ਲਏ ਗਏ। ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਪਿੰਡ ਬੀਘੜ ਦੇ ਨੌਜਵਾਨਾਂ ਨੂੰ ਰੋਜ਼ਗਾਰ-ਯੋਗ ਬਣਾਉਣ ਲਈ "ਸਕਿਲ ਡਿਵੈਲਪਮੈਂਟ ਸੈਂਟਰ" ਸਥਾਪਤ ਕੀਤਾ ਜਾਵੇਗਾ, ਜਿਸ ਰਾਹੀਂ ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ।
ਸਰਦਾਰ ਕਾਲਕਾ ਨੇ ਦੱਸਿਆ ਕਿ ਧਾਰਮਿਕ ਜਾਗਰੂਕਤਾ ਵਧਾਉਣ ਅਤੇ ਸਿੱਖੀ ਪ੍ਰਚਾਰ ਲਈ ਵੀ ਨਵੇਂ ਉਪਰਾਲੇ ਕੀਤੇ ਜਾਣਗੇ, ਜਿਸ ਵਿੱਚ ਨਿਯਮਤ ਧਾਰਮਿਕ ਸਮਾਗਮ, ਕੀਰਤਨ ਦਰਬਾਰ ਅਤੇ ਕੈਂਪ ਲਗਾਏ ਜਾਣਗੇ। ਇਸਦੇ ਨਾਲ-ਨਾਲ ਪਿੰਡ ਦੇ ਸਕੂਲ ਦੀ ਅਪਗ੍ਰੇਡੇਸ਼ਨ ਲਈ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਯੋਗ ਤਰੀਕੇ ਨਾਲ ਸਹਿਯੋਗ ਦਿੱਤਾ ਜਾਵੇਗਾ।
ਸ. ਕਾਲਕਾ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਉੱਚ ਪੱਧਰੀ ਵਫ਼ਦ ਪਿੰਡ ਬੀਘੜ ਦਾ ਦੌਰਾ ਕਰੇਗਾ, ਜੋ ਉਥੇ ਦੀ ਸੰਗਤ ਨਾਲ ਰੂਬਰੂ ਹੋ ਕੇ ਲੋਕ-ਲਾਭਕਾਰੀ ਯੋਜਨਾਵਾਂ ਨੂੰ ਲਾਗੂ ਕਰਨ ਲਈ ਯੋਗ ਉਪਰਾਲੇ ਕਰੇਗਾ।
ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ. ਕਰਮਜੀਤ ਸਿੰਘ, ਪਿੰਡ ਦੇ ਸਰਪੰਚ ਸ. ਗੁਰਨਾਮ ਸਿੰਘ, ਗੁਰਦੁਆਰਾ ਸਾਹਿਬ ਬੀਘੜ ਦੇ ਪ੍ਰਧਾਨ ਸ. ਮੁਖਤਿਆਰ ਸਿੰਘ, ਸ. ਜਸਵਿੰਦਰ ਸਿੰਘ ਰਾਣਾ ਅਤੇ ਹੋਰ ਪਿੰਡ ਵਾਸੀਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਿਹਾ ਅਤੇ ਇਸ ਵਿਸ਼ੇਸ਼ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ।
ਮੀਟਿੰਗ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਭਾਗ ਲਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।