ਨਵੀਂ ਦਿੱਲੀ -ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕਾ ਨੇ ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ (ਜੋਧਪੁਰ) ਦੀ ਸਿਵਲ ਜੱਜ ਦੀ ਭਰਤੀ ਦਾ ਇਮਤਿਹਾਨ ਦੇਣ ਗਈ ਅੰਮ੍ਰਿਤਧਾਰੀ ਬੱਚੀ ਗੁਰਪ੍ਰੀਤ ਕੌਰ ਨੂੰ ਕਿਰਪਾਨ ਅਤੇ ਕੜਾ ਪਹਿਨੇ ਹੋਣ ਕਰਕੇ ਦਾਖਲਾ ਨਾ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ, ਇਸ ਨੂੰ ਭਾਰਤੀ ਸੰਵਿਧਾਨ ਦੀ ਵੱਡੀ ਉਲੰਘਣਾ ਅਤੇ ਸਿੱਖਾਂ ਵਿਰੁੱਧ ਨਫ਼ਰਤੀ ਵਿਤਕਰਾ ਕਰਾਰ ਦਿੱਤਾ ਹੈ। ਦਿੱਲੀ ਗੁਰੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਸਖ਼ਤ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦਿਆਂ ਕਿਹਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਸ ਕੌਮ ਨੇ ਵੱਡੀਆਂ ਘਾਲਣਾਵਾਂ ਘਾਲ ਕੇ ਆਜਾਦੀ ਲਈ ਹੋਵੇ ਉਸ ਕੌਮ ਦੇ ਵਾਰਸਾਂ ਨੂੰ ਐਨੇ ਸਾਲ ਬੀਤਣ ਮਗਰੋਂ ਵੀ ਆਪਣੀ ਪਹਿਚਾਣ ਅਤੇ ਧਾਰਮਿਕ ਚਿੰਨ੍ਹਾਂ ਬਾਰੇ ਲੋਕਾਂ ਨੂੰ ਦਸਣਾ ਪਵੇ। ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋ ਨੇ ਇਸ ਲਈ ਧਾਰਮਿਕ ਜਥੇਬੰਦੀਆਂ ਨੂੰ ਵੀ ਕਸੂਰਵਾਰ ਦਸਿਆ ਜਿਹੜੇ ਅੱਜ ਤੱਕ ਆਪਣੇ ਧਰਮ ਅਤੇ ਧਰਮ ਦੇ ਚਿੰਨ੍ਹਾਂ ਬਾਰੇ ਦੇਸ਼ ਵਾਸੀਆਂ ਨੂੰ ਜਾਣਕਾਰੀ ਨਹੀਂ ਦੇ ਪਾਏ । ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋ ਨੇ ਕਿਹਾ ਪਹਿਲਾਂ ਵੀ ਇਸ ਤਰ੍ਹਾਂ ਦੀ ਦਿੱਕਤ ਗੁਰਸਿੱਖ ਬੱਚੇ ਨੂੰ ਪੇਸ਼ ਆਈ ਸੀ ਜਿਸਦੀ ਕਾਨੂੰਨੀ ਲੜਾਈ ਦਿੱਲੀ ਕਮੇਟੀ ਨੇ ਲੜੀ ਅਤੇ ਬੱਚੇ ਦਾ ਮੁੜ ਤੋਂ ਪੇਪਰ ਦਿਵਾਇਆ । ਹੁਣ ਵੀ ਦਿੱਲੀ ਕਮੇਟੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਿੱਥੇ ਰਾਜਸਥਾਨ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਜਾਵੇਗੀ ਅਤੇ ਸਾਡੀ ਲੀਗਲ ਟੀਮ ਕਾਨੂੰਨੀ ਤੌਰ ਤੇ ਕੇਸ ਨੂੰ ਲੜਕੇ ਬੱਚੀ ਦਾ ਮੁੜ ਤੋਂ ਪੇਪਰ ਦਿਵਾਇਆ ਜਾ ਸਕੇ ਇਸਦੇ ਜਤਨ ਕੀਤੇ ਜਾਣਗੇ। ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋ ਨੇ ਕਿਹਾ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਇਕ ਅੰਮ੍ਰਿਤਧਾਰੀ ਬਚੀਂ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ ਔਰ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇ ਵਿੱਚ ਪੜ੍ਹ ਕੇ ਉਹ ਕੌਮ ਦੀ ਵੀ ਸੇਵਾ ਕਰੇਗੀ, ਇਸ ਲਈ ਸਭ ਸੰਸਥਾਵਾਂ ਨੂੰ ਆਪਣੇ ਤੌਰ ਤੇ ਇਸ ਬੱਚੀ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।