ਨਵੀਂ ਦਿੱਲੀ - ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋਂ ਦਿੱਲੀ ਦੇ ਗੁਰੂ ਘਰਾਂ ਨੂੰ ਸਰਕਾਰੀ ਸਰਪ੍ਰਸਤੀ ਨਾਲ ਕਾਬਜ਼ ਹੋਏ ਧੜੇ ਤੋਂ ਮੁਕਤ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਬਲ ਬਖਸ਼ਣ ਲਈ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅਰਦਾਸ ਕੀਤੀ ਗਈ । ਉਪਰੰਤ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਸੀਂ ਗੁਰੂ ਚਰਨਾਂ ਵਿੱਚ ਅਰਦਾਸ ਜਿੱਥੇ ਗੁਰੂ ਘਰਾਂ ਨੂੰ ਸਰਕਾਰੀ ਚਾਪਲੂਸਾਂ ਤੋਂ ਮੁਕਤ ਕਰਵਾਉਣ ਦੀ ਬੇਨਤੀ ਕੀਤੀ ਹੈ ਉੱਥੇ ਹੀ ਗੁਰੂ ਸਾਹਿਬ ਅੱਗੇ ਇਹ ਅਰਜ਼ ਵੀ ਕੀਤੀ ਹੈ ਕਿ ਅਦਾਲਤ ਦੇ ਫੈਸਲੇ ਤੇ ਜਿਹੜਾ ਗੁਰੂ ਘਰਾਂ ਦੀਆਂ ਜਾਇਦਾਦਾਂ ਨਿਲਾਮ ਹੋਣ ਦਾ ਖਤਰਾ ਬਣਿਆ ਹੈ ਗੁਰੂ ਸਾਹਿਬ ਕਿਰਪਾ ਕਰੋ ਗੁਰੂ ਘਰ ਦੀ ਕੋਈ ਜਾਇਦਾਦ ਨਾ ਨਿਲਾਮ ਹੋਵੇ ਸਗੋਂ ਜਿਹੜੇ ਭ੍ਰਿਸ਼ਟ ਪ੍ਰਬੰਧਕਾਂ ਕਰਕੇ ਇਹ ਨੌਬਤ ਆਈ ਹੈ ਉਹਨਾਂ ਦੀਆਂ ਜਾਇਦਾਦਾਂ ਨਿਲਾਮ ਕਰਕੇ ਉਸ ਘਾਟੇ ਦੀ ਭਰਪਾਈ ਕੀਤੀ ਜਾਵੇ ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਾਕਤ ਨਾਲ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਦੀ ਲੜਾਈ ਉਸੇ ਤਰ੍ਹਾਂ ਗੁਰੂ ਸਾਹਿਬ ਦੇ ਓਟ ਆਸਰੇ ਲੜੇਗਾ ਜਿਵੇ ਸੌ ਸਾਲ ਪਹਿਲਾਂ ਲੜੀ ਗਈ ਸੀ । ਉਹਨਾਂ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਤੇ ਧੰਨਵਾਦ ਕੀਤਾ । ਇਸ ਮੌਕੇ ਸ.ਮਨਜੀਤ ਸਿੰਘ ਜੀ ਕੇ , ਸ. ਕਰਤਾਰ ਸਿੰਘ ਚਾਵਲਾ , ਸ. ਸੁਰਿੰਦਰ ਸਿੰਘ ਦਾਰਾ , ਸ. ਤਜਿੰਦਰ ਸਿੰਘ ਗੋਪਾ , ਸ. ਸਤਨਾਮ ਸਿੰਘ ਖੀਵਾ, ਸ. ਜਤਿੰਦਰ ਸਿੰਘ ਸੋਨੂੰ , ਸ. ਮਹਿੰਦਰ ਸਿੰਘ , ਸ. ਰਮਨਦੀਪ ਸਿੰਘ ਸੋਨੂੰ , ਸ. ਮਨਜੀਤ ਸਿੰਘ ਸਰਨਾ, ਸ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।