ਅੰਮ੍ਰਿਤਸਰ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਬੁੱਢਾ ਦਲ ਦੇ ਦਲ ਪੰਥ ਸਮੇਤ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸਿੱਖਾਂ ਦਾ 350 ਸਾਲਾ ਸ਼ਹੀਦੀ ਪੁਰਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਵੇਂ ਗੁਰਤਾਗੱਦੀ ਪੁਰਬ ਨੂੰ ਸਮਰਪਿਤ ਮਹਾਂਰਾਸਟਰ ਵਿਚ ਗੁਰਮਤਿ ਦੀ ਸੋਸ਼ਨੀ ਵਿਚ ਧਰਮ ਪ੍ਰਚਾਰ ਯਾਤਰਾ ਕੱੱਢੀ ਜਾਵੇਗੀ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਮੌਜੂਦਾ ਆ ਰਹੀਆਂ ਸ਼ਤਾਬਦੀਆਂ ਨੂੰ ਸਮਰਪਿਤ ਬੁੱਢਾ ਦਲ ਨਾਲ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਮਹਾਂਰਾਸਟਰ, ਗੁਜਰਾਤ ਦੇ ਗੁਰੂਘਰਾਂ ਦੀਆਂ ਕਮੇਟੀਆਂ ਦੇ ਪ੍ਰਬੰਧਕਾਂ ਵੱਲੋਂ ਤਾਲਮੇਲ ਕੀਤਾ ਗਿਆ ਹੈ। ਉਨ੍ਹਾਂ ਦੀ ਮੰਗ ਤੇ 14 ਤੋਂ 19 ਅਗਸਤ ਤੀਕ ਵਿਸ਼ੇਸ਼ ਤੌਰ ਤੇ ਵੱਖ-ਵੱਖ ਸ਼ਹਿਰਾਂ ਵਿੱਚ ਨਗਰ ਕੀਰਤਨ ਕੱਢੇਗਾ। ਉਨ੍ਹਾਂ ਦਸਿਆ ਕਿ ਸਾਰੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸੇਸ਼ ਗੁਰਮਤਿ ਸਮਾਗਮ ਹੋਣਗੇ ਜਿਸ ਵਿੱਚ 15 ਅਗਸਤ ਦਿਨ ਸ਼ੁੱਕਰਵਾਰ ਨੂੰ ਵਿਸ਼ੇਸ਼ ਨਗਰ ਕੀਰਤਨ ਵਿਚ ਬਾਬਾ ਬਲਬੀਰ ਸਿੰਘ 96 ਕਰੋੜੀ ਇਤਿਹਾਸਕ ਸ਼ਾਸ਼ਤਰਾਂ ਸਮੇਤ ਪੂਨੇ ਏਅਰਪੋਰਟ ਤੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਪ, ਵਿਖੇ ਪੁਜਣਗੇ। 16 ਅਗਸਤ ਦਿਨ ਸ਼ਨੀਵਾਰ ਨੂੰ ਏਸੇ ਗੁਰਦੁਆਰਾ ਸਾਹਿਬ ਵਿਖੇ ਸ਼ਾਮ 6:30 ਵਜੇ ਅਲੋਕਿਕ ਗੁਰਮਤਿ ਸਮਾਗਮ ਹੋਵੇਗਾ। 17 ਅਗਸਤ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਂਪ ਪੂਨੇ ਤੋਂ ਅਰੰਭ ਹੋ ਕੇ ਐਸ.ਐਚ. ਸੰਬਾਜੀ ਨਗਰ (ਔਰੰਗਾਬਾਦ) ਵਾਇਆ ਅਹਿਮਦਨਗਰ, ਗੁ: ਸ੍ਰੀ ਗੁਰੂ ਤੇਗ ਬਹਾਦਰ ਲੰਗਰ ਸਾਹਿਬ, ਗੁ: ਸ੍ਰੀ ਗੁਰੂ ਸਿੰਘ ਸਭਾ ਅਤੇ ਸੀ. ਸੰਭਾਜੀਨਗਰ ਵਿਖੇ ਪੁਜੇਗਾ ਜਿਥੇ ਵਿਸ਼ਾਲ ਗੁਰਮਤਿ ਸਮਾਗਮ ਹੋਵੇਗਾ। ਉਨ੍ਹਾਂ ਕਿਹਾ ਇਨ੍ਹਾਂ ਸਮਾਗਮਾਂ ਵਿੱਚ ਬੁੱਢਾ ਦਲ ਪਾਸ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਵਿਰਾਸਤੀ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ। ਸ. ਬੇਦੀ ਨੇ ਦਸਿਆ ਕਿ ਬਹੁਤ ਦੇਰ ਬਾਅਦ ਇਨ੍ਹਾਂ ਸੂਬਿਆ ਤੇ ਗੁਰੂਘਰਾਂ ਵਿੱਚ ਬੁੱਢਾ ਦਲ ਵੱਲੋਂ ਪ੍ਰਚਾਰ ਮੁਹਿੰਮ ਮੁੜ ਅਰੰਭ ਕੀਤੀ ਜਾ ਰਹੀ ਹੈ। ਉਨਾਂ ਦਸਿਆ ਕਿ ਪਹਿਲਾਂ ਮੁੰਬਈ, ਹਜ਼ੂਰ ਸਾਹਿਬ ਨੰਦੇੜ, ਗੁਰਦੁਆਰਾ ਨਾਨਕਝੀਰਾ ਸਾਹਿਬ ਬਿਦਰ ਅਤੇ ਵੱਖ-ਵੱਖ ਕਸਬਿਆਂ, ਸ਼ਹਿਰਾਂ ਵਿੱਚ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਰਾਹੀ ਸਿੱਖੀ ਦੇ ਝੰਡੇ ਬੁਲੰਦ ਕੀਤੇ ਗਏ ਹਨ। ਪਿਛਲੇ ਸਾਲ ਵਿਸ਼ੇਸ਼ ਪ੍ਰਚਾਰ ਮੁਹਿੰਮ ਰਾਹੀਂ ਸਿੱਖ ਧਰਮ ਦੇ ਪ੍ਰਚਾਰ, ਪ੍ਰਸਾਰ ਲਈ ਜਾਗਰਤੀ ਮੁਹਿੰਮ ਕੀਤੀ ਗਈ ਸੀ।