ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਸਿਆਸੀ ਵਾਰ ਕਰਦਿਆ ਕਿਹਾ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸਤ ਦਾ ਸਵਾਦ ਚੱਖਣਾ ਹੈ ਤਾਂ ਉਹ ਤਰਨ ਤਾਰਨ ਦੀ ਜਿਮਨੀ ਚੋਣ ਲੜੇ । ਸਰਨਾ ਨੇ ਕਿਹਾ ਕਿ ਤਰਨ ਤਾਰਨ ਜਿਮਨੀ ਚੋਣ ਦਾ ਹਲਕਾ ਇੱਕ ਐਸਾ ਹਲਕਾ ਹੈ ਜਿਸ ਨੂੰ ਪੰਥਕ ਹਲਕਾ ਕਿਹਾ ਜਾਂਦਾ ਹੈ। ਸਰਨਾ ਨੇ ਕਿਹਾ ਕਿ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਵੀ ਸਿਆਸੀ ਚੋਣ ਲੜਨ ਤੋਂ ਇਨਕਾਰ ਕੀਤਾ ਹੈ, ਪਰ ਇਸ ਪਿੱਛੇ ਵੀ ਉਸ ਦੀ ਸਿਆਸਤ ਝਲਕਦੀ ਹੈ। ਕਿਉਂਕਿ ਗਿਆਨੀ ਹਰਪੀਤ ਸਿੰਘ ਜਾਣਦੇ ਸਨ ਕਿ ਪਾਰਟੀ ਦੇ ਸਿਰ ਉੱਤੇ ਜਿਮਨੀ ਚੋਣ ਅਾਣ ਖੜੀ ਹੈ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਇਹ ਜਿਮਨੀ ਚੋਣ ਲਈ ਪਾਰਟੀ ਦੇ ਨੁਮਾਇੰਦੇ ਉਹਨਾਂ ਦਾ ਨਾਮ ਪੇਸ਼ ਕਰ ਸਕਦੇ ਹਨ, ਜਿਸ ਲਈ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸਤ ਖੇਡਦਿਆ ਕੋਈ ਵੀ ਸਿਆਸੀ ਚੋਣ ਲੜਨ ਤੋਂ ਆਪਣੇ ਆਪ ਨੂੰ ਲਾਂਭੇ ਰੱਖਣ ਦਾ ਐਲਾਨ ਕੀਤਾ ਹੈ। ਸਰਨਾ ਨੇ ਕਿਹਾ ਕਿ ਜੇਕਰ ਪਾਰਟੀ ਸਿਆਸੀ ਹੈ ਤਾਂ ਪਾਰਟੀ ਪ੍ਰਧਾਨ ਸਿਆਸੀ ਆਗੂ ਕਿਵੇਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਧੜੇ ਦਾ ਪ੍ਰਧਾਨ ਹੈ ਅਤੇ ਬੀਬੀ ਸਤਵੰਤ ਕੌਰ ਧਾਰਮਿਕ ਧੜੇ ਦੀ ਚੇਅਰਪਰਸਨ ਲਗਾਈ ਗਈ ਹੈ। ਬੀਬੀ ਸਤਵੰਤ ਕੌਰ ਇਹ ਐਲਾਨ ਕਰੇ ਕਿ ਉਹ ਸਿਆਸੀ ਚੋਣ ਨਹੀਂ ਲੜਨਗੇ ਇਹ ਤਾਂ ਸਮਝ ਆਉਂਦੀ ਹੈ ਅਤੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣ ਕੇ ਇਹ ਐਲਾਨ ਕਰਨ ਕਿ ਉਹ ਸਿਆਸੀ ਚੋਣ ਨਹੀਂ ਲੜਨਗੇ ਇਹ ਇੱਕ ਵੱਡੀ ਸਿਆਸਤ ਦਾ ਹਿੱਸਾ ਹੈ। ਸਰਨਾ ਨੇ ਕਿਹਾ ਕਿ 15 ਲੱਖ ਦੀ ਭਰਤੀ ਦਾ ਦਾਅਵਾ ਕਰਨ ਵਾਲੇ ਇਸ ਹਲਕੇ ਵਿੱਚ ਇਹ ਵੀ ਵੇਖ ਸਕਦੇ ਹਨ ਕਿ ਉਹਨਾਂ ਨੂੰ ਕਿੰਨੇ ਲੋਕਾਂ ਦਾ ਸਮਰਥਨ ਮਿਲਿਆ ਹੈ। ਜਿਸ ਵਿਚ ਉਹਨਾਂ ਨੇ ਵਰਕਰਾਂ ਦੀ ਭਰਤੀ ਕੀਤੀ ਹੈ। ਚੋਣਾਂ ਦੇ ਨਤੀਜੇ ਤੋਂ ਬਾਅਦ ਸਭ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਤਰਨ ਤਾਰਨ ਹਲਕੇ ਵਿੱਚ ਭਾਈ ਮਨਜੀਤ ਸਿੰਘ, ਬੀਬੀ ਸਤਵੰਤ ਕੌਰ ਆਦਿ ਵਰਗੇ ਵੱਡੇ ਪੰਥਕ ਆਗੂ ਵੀ ਇਹਨਾਂ ਦੇ ਨਾਲ ਹਨ, ਚੋਣ ਨਾ ਲੜਨ ਦਾ ਕਹਿ ਕੇ ਗਿਆਨੀ ਹਰਪ੍ਰੀਤ ਸਿੰਘ ਸਿਆਸਤ ਤੋਂ ਭੱਜ ਰਹੇ ਹਨ ਅਤੇ ਇੱਕ ਛਾਤਰ ਪ੍ਰਧਾਨ ਹੋਣ ਦਾ ਰੋਲ ਅਦਾ ਕਰ ਰਹੇ ਹਨ। ਸਰਨਾ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਤਰਨ ਤਾਰਨ ਦੀ ਜਿਮਨੀ ਚੋਣ ਲੜ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ।