ਚੰਡੀਗੜ੍ਹ-ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਧ ਰਹੀ ਲੋਕਪ੍ਰਿਯਤਾ ਤੋਂ ਘਬਰਾ ਕੇ ਪੰਜਾਬ ਦੀ ਆਪ ਸਰਕਾਰ ਝੂਠੇ ਇਲਜ਼ਾਮ ਲਗਾ ਕੇ ਜਨ-ਕਲਿਆਣ ਦੇ ਸ਼ਿਵਰਾਂ / ਕੈਂਪਾਂ ਨੂੰ ਜ਼ਬਰਦਸਤੀ ਪੁਲਿਸ ਦੇ ਜ਼ਰੀਏ ਰੋਕ ਰਹੀ ਹੈ। ਇਸ ਦੇ ਵਿਰੋਧ ਵਜੋਂ ਪ੍ਰਦੇਸ਼ ਭਰ ਵਿੱਚ ਜਗਹ-ਜਗਹ ਭਾਜਪਾ ਕਾਰਜਕਰਤਾਵਾਂ ਦੁਆਰਾ ਪੰਜਾਬ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ।
ਭਾਜਪਾ ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਦੁਆਰਾ ਗਰੀਬਾਂ, ਬੇਰੋਜ਼ਗਾਰਾਂ, ਕਿਸਾਨਾਂ, ਦਲਿਤਾਂ, ਮਹਿਲਾਵਾਂ ਅਤੇ ਨੌਜਵਾਨਾਂ ਦੇ ਕਲਿਆਣ ਲਈ ਚਲਾਈਆਂ ਜਾ ਰਹੀਆਂ ਜਨ ਕਲਿਆਣ ਯੋਜਨਾਵਾਂ ਨੂੰ ਪੰਜਾਬ ਵਿੱਚ ਪ੍ਰੋਤਸਾਹਿਤ ਨਾ ਕਰਕੇ ਆਮ ਆਦਮੀ ਪਾਰਟੀ ਬਹੁਤ ਵੱਡੇ ਵਰਗ ਨੂੰ ਇਨ੍ਹਾਂ ਦੇ ਲਾਭਾਂ ਤੋਂ ਵਾਂਝਾ ਰੱਖ ਰਹੀ ਸੀ।
ਇਨ੍ਹਾਂ ਜਨ ਕਲਿਆਣ ਯੋਜਨਾਵਾਂ ਨੂੰ ਪੰਜਾਬ ਭਰ ਵਿੱਚ ਹਰ ਵਰਗ ਤੱਕ ਸੀ.ਐਸ.ਸੀ. ਦੇ ਜ਼ਰੀਏ ਕਾਨੂੰਨੀ ਤਰੀਕੇ ਨਾਲ ਪਹੁੰਚਾਉਣ ਦਾ ਪ੍ਰਯਾਸ ਪੰਜਾਬ ਭਾਜਪਾ 20 ਮਈ 2025 ਤੋਂ ਕਰ ਰਹੀ ਸੀ।
"ਭਾਜਪਾ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ" ਨਾਮਕ ਇਸ ਮੁਹਿੰਮ ਦੇ ਜ਼ਰੀਏ ਅੱਜ ਤੱਕ ਡੇਢ ਲੱਖ ਲੋਕਾਂ ਨੂੰ ਫਾਇਦਾ ਹੋ ਚੁੱਕਾ ਹੈ। ਇਹ ਸਾਰੇ ਉਹੀ ਲੋਕ ਹਨ ਜੋ ਯੋਜਨਾਵਾਂ ਦਾ ਫਾਇਦਾ ਲੈਣਾ ਚਾਹੁੰਦੇ ਸਨ ਪਰ ਪੰਜਾਬ ਦੀ ਆਪ ਸਰਕਾਰ ਉਨ੍ਹਾਂ ਤੱਕ ਪਹੁੰਚ ਨਹੀਂ ਪਾ ਰਹੀ ਸੀ ਜਾਂ ਫਿਰ ਰਾਜਨੀਤਕ ਕਾਰਨਾਂ ਕਰਕੇ ਉਨ੍ਹਾਂ ਤੱਕ ਪਹੁੰਚਣਾ ਨਹੀਂ ਚਾਹੁੰਦੀ ਸੀ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਡਾਟਾ ਚੋਰੀ ਦੇ ਇਲਜ਼ਾਮ 'ਤੇ ਸ਼ਰਮਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਆਪ ਪਾਰਟੀ ਨੇ 2022 ਦੇ ਵਿਧਾਨਸਭਾ ਚੋਣ ਪ੍ਰਚਾਰ ਦੌਰਾਨ ਵੱਖ-ਵੱਖ ਗਾਰੰਟੀਆਂ, ਵਾਅਦਿਆਂ, ਕਾਰਜਕ੍ਰਮਾਂ ਦੇ ਜ਼ਰੀਏ ਲੋਕਾਂ ਦੇ ਫਾਰਮ ਭਰਵਾ ਕੇ ਡਾਟਾ ਇਕੱਠਾ ਕੀਤਾ ਸੀ।
ਸ਼ਰਮਾ ਨੇ ਉਦਾਹਰਨ ਦੇਂਦੇ ਹੋਏ ਕਿਹਾ ਕਿ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਹਜ਼ਾਰ ਰੁਪਏ ਦੇਣ ਦੇ ਚੋਣੀ ਵਾਅਦੇ ਕਰਕੇ ਰਜਿਸਟ੍ਰੇਸ਼ਨ ਕਰਵਾਕੇ ਡਾਟਾ ਇਕੱਠਾ ਕੀਤਾ ਗਿਆ। ਜਿੰਨੇ ਵੀ ਟਾਊਨ ਹਾਲ ਪ੍ਰੋਗਰਾਮ ਕੀਤੇ ਗਏ, ਜਿਵੇਂ ਕਿ ਕਿਸਾਨਾਂ ਨਾਲ, ਵਪਾਰੀਆਂ ਨਾਲ, ਉਦਯੋਗਪਤੀਆਂ ਨਾਲ, ਵਕੀਲਾਂ ਨਾਲ, ਆਦਿ, ਹਰ ਜਗ੍ਹਾ ਫਾਰਮ ਭਰਵਾ ਕੇ ਡਾਟਾ ਇਕੱਠਾ ਕੀਤਾ ਗਿਆ।
ਪੂਰਾ ਪੰਜਾਬ ਜਾਣਦਾ ਹੈ ਕਿ ਡਾਟਾ ਚੋਰੀ ਆਪ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਕੀਤੀ ਸੀ ਅਤੇ ਅੱਜ ਜੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਆਮ ਆਦਮੀ ਪਾਰਟੀ 'ਤੇ ਹੋਣੀ ਚਾਹੀਦੀ ਹੈ, ਆਪਣੀ ਗੱਲ ਪੂਰੀ ਕਰਦੇ ਹੋਏ ਸ਼ਰਮਾ ਨੇ ਮੰਗ ਰੱਖੀ।