ਪੰਜਾਬ

ਯੂਕੇ ਦੇ ਸੰਸਦ ਮੈਂਬਰ ਢੇਸੀ ਨੇ ਪ੍ਰਵਾਸੀ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ 'ਤੇ ਐਨਆਰਆਈ ਮੰਤਰੀ ਅਰੋੜਾ ਨਾਲ ਕੀਤੀ ਮੁਲਾਕਾਤ

ਕੌਮੀ ਮਾਰਗ ਬਿਊਰੋ | August 22, 2025 08:53 PM

ਜਲੰਧਰ  - ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸ਼ੁੱਕਰਵਾਰ ਨੂੰ ਜਲੰਧਰ ਵਿਖੇ ਸੰਜੀਵ ਅਰੋੜਾ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਐਨਆਰਆਈ ਮਾਮਲੇ ਪੰਜਾਬ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੋਵਾਂ ਦਾ ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਪਰਮਜੀਤ ਸਿੰਘ ਰਾਏਪੁਰ, ਮੈਂਬਰ ਐਸਜੀਪੀਸੀ ਕਾਰਜਕਾਰੀ ਕਮੇਟੀ ਅਤੇ ਸਾਬਕਾ ਚੇਅਰਮੈਨ ਜਲੰਧਰ ਸੁਧਾਰ ਟਰੱਸਟ ਨੇ ਨਿੱਘਾ ਸਵਾਗਤ ਕੀਤਾ।

ਯੂਕੇ ਵਿੱਚ ਤੀਜੀ ਵਾਰ ਸਲੋਹ ਹਲਕੇ ਤੋਂ ਸੰਸਦ ਮੈਂਬਰ ਵਜੋਂ ਚੁਣੇ ਗਏ ਢੇਸੀ ਨੂੰ ਬ੍ਰਿਟਿਸ਼ ਸੰਸਦ ਦੁਆਰਾ ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ ਵੀ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵੀ ਨਸਲੀ ਘੱਟ ਗਿਣਤੀਆਂ ਦੇ ਮੈਂਬਰ ਨੂੰ ਇਸ ਪ੍ਰਭਾਵਸ਼ਾਲੀ ਤੇ ਸ਼ਕਤੀਸ਼ਾਲੀ ਸੰਸਦੀ ਕਮੇਟੀ ਵਿੱਚ ਇਸ ਅਹੁਦੇ 'ਤੇ ਸੇਵਾ ਕਰਨ ਲਈ ਚੁਣਿਆ ਗਿਆ ਹੈ।
ਘੰਟਾ ਭਰ ਚੱਲੀ ਇਸ ਮੀਟਿੰਗ ਵਿੱਚ ਪ੍ਰਵਾਸੀ ਭਾਰਤੀਆਂ ਲਈ ਮਹੱਤਵਪੂਰਨ ਮੁੱਦਿਆਂ, ਖਾਸ ਕਰਕੇ ਜ਼ਮੀਨਾਂ ਦੇ ਝਗੜੇ ਅਤੇ ਉਨ੍ਹਾਂ ਉੱਤੇ ਕਬਜ਼ੇ ਕਰਨ ਦੇ ਮਾਮਲਿਆਂ ਨੂੰ ਵਿਚਾਰਿਆ ਗਿਆ ਜੋ ਕਿ ਵੱਡੀ ਚਿੰਤਾ ਦਾ ਕਾਰਨ ਹੈ। ਇਸ ਤੋਂ ਇਲਾਵਾ ਜਬਰੀ ਵਸੂਲੀ ਦੀਆਂ ਘਟਨਾਵਾਂ ਵੀ ਇੱਕ ਸਮੱਸਿਆ ਵਜੋਂ ਵਿਚਾਰੀਆਂ ਗਈਆਂ ਜਿਨ੍ਹਾਂ ਨਾਲ ਆਮ ਲੋਕਾਂ ਖਾਸ ਕਰ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਜਿੱਠਣ ਦੀ ਲੋੜ ਹੈ। ਢੇਸੀ ਨੇ ਸੂਬਾ ਸਰਕਾਰ ਤੋਂ ਇੱਕ ਪ੍ਰਭਾਵਸ਼ਾਲੀ ਇਕਹਿਰੀ-ਖਿੜਕੀ ਪ੍ਰਣਾਲੀ ਦੀ ਕਾਮਨਾ ਕੀਤੀ, ਜਿਸ 'ਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਆਪਣੇ ਕੰਮਾਂ-ਕਾਰਾਂ ਨੂੰ ਪੂਰਾ ਕਰਾਉਣ ਲਈ ਭਰੋਸਾ ਕਰ ਸਕਣ ਅਤੇ ਨਾਲ ਹੀ ਪੰਜਾਬ ਵਿੱਚ ਨਿਵੇਸ਼ ਕਰਨ ਦੀ ਇੱਛਾ ਰੱਖਣ ਵਾਲੇ ਕਾਰੋਬਾਰੀ ਲੋਕਾਂ ਲਈ ਵੀ ਸਹੂਲਤ ਮਿਲ ਸਕੇ ਤਾਂ ਜੋ ਉਹ ਨੌਕਰਸ਼ਾਹੀ ਦੀ ਟਾਲ-ਮਟੋਲ ਤੋਂ ਬਚ ਸਕਣ ਤੇ ਪੰਜਾਬ ਵਿੱਚ ਨਿਵੇਸ਼ ਕਰ ਸਕਣ।
ਸੰਸਦ ਮੈਂਬਰ ਢੇਸੀ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਅਤੇ ਰਾਜਧਾਨੀ ਚੰਡੀਗੜ੍ਹ ਲਈ ਮੁੜ੍ਹ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ ਉਠਾਇਆ, ਖਾਸ ਕਰਕੇ ਲੰਡਨ, ਬਰਮਿੰਘਮ ਅਤੇ ਹੋਰ ਯੂਰਪੀਅਨ ਸਥਾਨਾਂ ਸਮੇਤ ਉੱਤਰੀ ਅਮਰੀਕਾ ਅਤੇ ਏਸ਼ੀਆਈ ਮੁਲਕਾਂ ਤੋਂ ਇਹ ਉਡਾਣਾਂ ਸ਼ੁਰੂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਵਿਸ਼ਵ ਭਰ ਦੇ ਪੰਜਾਬੀਆਂ ਅਤੇ ਸੈਲਾਨੀਆਂ ਨੂੰ ਪੰਜਾਬ ਨਾਲ ਸਿੱਧਾ ਜੋੜਨ ਵਿੱਚ ਵੱਡੀ ਮੱਦਦ ਮਿਲੇਗੀ ਤੇ ਨਾਲ ਹੀ ਵਪਾਰਕ ਗਤੀਵਿਧੀਆਂ ਵਿੱਚ ਵੀ ਵਾਧਾ ਹੋਵੇਗਾ। ਲੱਖਾਂ ਪ੍ਰਵਾਸੀ ਪੰਜਾਬੀਆਂ ਦੀ ਆਮਦ ਨੂੰ ਦੇਖਦੇ ਹੋਏ ਤਨਮਨਜੀਤ ਢੇਸੀ ਨੇ ਉਮੀਦ ਜਤਾਈ ਕਿ ਪੰਜਾਬ ਹਵਾਬਾਜ਼ੀ ਖੇਤਰ ਵਿੱਚ ਇੱਕ ਵੱਡੀ ਸ਼ਕਤੀ ਵਜੋਂ ਉਭਰ ਸਕਦਾ ਹੈ ਅਤੇ ਇਸ ਲਈ ਲੋੜੀਂਦੀਆਂ ਹਵਾਈ ਸਹੂਲਤਾਂ ਨੂੰ ਸੰਭਵ ਬਣਾਉਣ ਵਿੱਚ ਮਦਦ ਕਰਨ ਲਈ ਭਾਰਤ ਅਤੇ ਪੰਜਾਬ ਸਰਕਾਰਾਂ ਤੋਂ ਨਿਵੇਸ਼ ਅਤੇ ਰਾਜਨੀਤਿਕ ਸਹਾਇਤਾ ਦੀ ਬੇਨਤੀ ਕੀਤੀ।
ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਕਾਰਗੋ ਬੰਦਰਗਾਹ, ਜਿਸ ਨੂੰ ਹਾਲ ਹੀ ਵਿੱਚ ਭਾਰਤ-ਪਾਕਿ ਤਣਾਅ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ, ਨੂੰ ਦੁਬਾਰਾ ਖੋਲ੍ਹਣ ਦੀ ਜ਼ਰੂਰਤ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਬਿਹਤਰ ਸਬੰਧਾਂ ਅਤੇ ਵਧੇ ਹੋਏ ਵਪਾਰ ਦਾ ਦੋਵਾਂ ਦੇਸ਼ਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਲਾਭ ਹੋਵੇਗਾ। ਢੇਸੀ ਨੇ ਇਹ ਵੀ ਬੇਨਤੀ ਕੀਤੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਦੁਬਾਰਾ ਖੋਲ੍ਹਣ ਲਈ ਦਬਾਅ ਪਾਇਆ ਜਾਵੇ। ਇਹ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਮੁੱਦਾ ਹੈ। ਇਸ ਤੋਂ ਇਲਾਵਾ ਹੋਰ ਲੰਬੇ ਸਮੇਂ ਤੋਂ ਲਟਕ ਰਹੇ ਭਾਵਨਾਤਮਕ ਮੁੱਦੇ ਜਿਵੇਂ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਰਾਜਨੀਤਿਕ ਕੈਦੀਆਂ ਦੀ ਰਿਹਾਈ ਅਤੇ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਮਾਮਲਾ ਸ਼ਾਮਲ ਹੈ।
ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਵਾਂਗ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਦੁਵੱਲੇ ਸਬੰਧਾਂ ਨੂੰ ਹੋਰ ਪਕੇਰਾ ਤੇ ਡੂੰਘਾ ਕਰਨ ਦੀ ਇੱਛਾ ਰੱਖਦੇ ਹਨ ਅਤੇ ਪੰਜਾਬ ਦੀ ਤਰੱਕੀ ਲਈ ਪ੍ਰਾਰਥਨਾ ਕਰਦੇ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਠਾਏ ਗਏ ਮਾਮਲਿਆਂ ਨੂੰ ਪੰਜਾਬ ਸਰਕਾਰ ਅਤੇ ਭਾਰਤ ਦੇ ਸਬੰਧਤ ਅਧਿਕਾਰੀ ਗੰਭੀਰਤਾ ਨਾਲ ਜਲਦ ਹੱਲ ਕਰਨ ਲਈ ਚਾਰਾਜੋਈ ਕਰਨਗੇ।

Have something to say? Post your comment

 
 
 

ਪੰਜਾਬ

ਪੰਜਾਬ ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਮਜੀਠੀਆ ਵਿਰੁੱਧ 40,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ

ਪੰਜਾਬ ਸਰਕਾਰ ‘ਡਿਜੀਟਲ ਨਿੱਜੀ ਡੇਟਾ ਸੁਰੱਖਿਆ ਐਕਟ’ ਤਹਿਤ ਨਾਗਰਿਕਾਂ ਦੇ ਡੇਟਾ ਦੀ ਸੁਰੱਖਿਆ ਲਈ ਵਚਨਬੱਧ: ਹਰਪਾਲ ਸਿੰਘ ਚੀਮਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਮਲਾਰ ਰਾਗ ਕੀਰਤਨ ਦਰਬਾਰ ਆਯੋਜਿਤ

ਮੁੱਖ ਮੰਤਰੀ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ

ਮੋਦੀ ਸਰਕਾਰ ਦੀਆਂ ਜਨਕਲਿਆਣ ਯੋਜਨਾਵਾਂ ਤੋਂ ਪੰਜਾਬੀਆਂ ਨੂੰ ਵਾਂਝਾ ਰੱਖ ਰਹੀ ਹੈ ਆਪ ਪਾਰਟੀ – ਭਾਜਪਾ

ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਲਈ ਬੀਬੀ ਜਗੀਰ ਕੌਰ ਦੀ ਰਹਿਨੁਮਾਈ ਹੇਠ ਮੀਟਿੰਗ

ਜੱਥੇਦਾਰ ਸਾਹਿਬਾਨ ਨੂੰ ਸਰਕਾਰੀ ਰਿਹਾਇਸ਼ ਤੇ ਤਲਬ ਕਰਨ ਵਾਲਿਆਂ ਨੂੰ ਪੰਥ ਨਕਾਰ ਚੁੱਕਾ ਹੈ - ਰੱਖੜਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪ੍ਰਸਿੱਧ ਪੰਜਾਬੀ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਸਤਲੁਜ ਕ੍ਰੀਕ ਨੇੜਲੇ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਸਹਿਜ ਪਾਠ ਅਤੇ ਗੁਰਬਾਣੀ ਕੀਰਤਨ ਨਾਲ ਹੋਈ