ਪੰਜਾਬ

ਯੂ.ਕੇ. ਦੇ ਸੰਸਦ ਮੈਂਬਰ ਢੇਸੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਪੁਰਬ ਮੌਕੇ ਪੰਜਾਬ ਦੇ ਹਵਾਬਾਜ਼ੀ ਖੇਤਰ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਕਾਲਤ

ਕੌਮੀ ਮਾਰਗ ਬਿਊਰੋ | August 23, 2025 08:53 PM

ਚੰਡੀਗੜ੍ਹ – ਬਰਤਾਨੀਆ ਵਿੱਚ ਸਲੋਹ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਦੇ ਪਵਿੱਤਰ ਮੌਕੇ 'ਤੇ ਪੰਜਾਬ ਦੇ ਆਰਥਿਕ ਅਤੇ ਕੂਟਨੀਤਕ ਭਵਿੱਖ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ।
ਇਥੇ ਸ਼ਨੀਵਾਰ ਨੂੰ ਪ੍ਰੈਸ ਕਲੱਬ ਵਿਖੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ. ਢੇਸੀ ਨੇ ਭਾਰਤ ਸਰਕਾਰ ਨੂੰ ਇਸ ਪਵਿੱਤਰ ਮੌਕੇ ‘ਤੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡਿਆਂ ਤੋਂ ਯੂਕੇ ਤੇ ਯੂਰਪ ਦੇ ਬਾਕੀ ਹਿੱਸੇ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਕੇ ਇਸਨੂੰ ਇੱਕ ਇਤਿਹਾਸਕ ਪਲ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕਦਮ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ, ਜੋ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕਰਨਾ ਚਾਹੁੰਦੇ ਹਨ, ਦੀਆਂ ਅਧਿਆਤਮਿਕ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਲਈ ਆਰਥਿਕ ਪੱਖੋਂ ਵਧੇਰੇ ਲਾਭਦਾਇਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਦੀ ਅੱਧੀ ਆਬਾਦੀ ਸਮੇਤ ਪੂਰੇ ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ ਦੇ ਕਿਸਾਨਾਂ, ਕਾਰੋਬਾਰੀਆਂ ਅਤੇ ਉੱਦਮੀਆਂ ਨੂੰ ਇਨ੍ਹਾਂ ਸਹੂਲਤਾਂ ਦਾ ਵੱਡੇ ਪੱਧਰ ‘ਤੇ ਲਾਭ ਹੋਵੇਗਾ।
ਇਸ ਦੇ ਨਾਲ ਹੀ ਸ. ਢੇਸੀ ਨੇ ਉੱਤਰੀ ਭਾਰਤ ਦੇ ਮਜ਼ਬੂਤ ਖੇਤੀ-ਕਾਰੋਬਾਰ ਸੈਕਟਰ ਤੋਂ ਵੱਖ-ਵੱਖ ਵਸਤਾਂ ਦੀ ਬਰਾਮਦ ਨੂੰ ਵਧਾਉਣ ਦੀਆਂ ਅਥਾਹ ਸੰਭਾਵਨਾਵਾਂ ਨੂੰ ਉਜਾਗਰ ਕਰਦਿਆਂ ਉਕਤ ਦੋਵੇਂ ਹਵਾਈ ਅੱਡਿਆਂ 'ਤੇ ਕਾਰਗੋ ਟਰਮੀਨਲਾਂ ਨੂੰ ਫੌਰੀ ਤੌਰ ਤੇ ਮੁੜ ਸ਼ੁਰੂ ਕਰਨ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇਸ ਦ੍ਰਿਸ਼ਟੀਕੋਣ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਸਰਕਾਰ ਨੂੰ ਇੱਕ ਵਿਸ਼ੇਸ਼ ਸੰਮੇਲਨ ਦੀ ਮੇਜ਼ਬਾਨੀ ਕਰਨੀ ਚਾਹੀਦੀ ਹੈ ਜਿਸਨੂੰ 'ਪੰਜਾਬ ਫਲਾਈ ਇਨੀਸ਼ੀਏਟਿਵ' ਦਾ ਨਾਮ ਦਿੱਤਾ ਜਾ ਸਕਦਾ ਹੈ, ਜਿਸ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਸੱਦਾ ਦੇ ਕੇ ਉਨ੍ਹਾਂ ਨੂੰ ਪਵਿੱਤਰ ਨਗਰੀ ਅੰਮ੍ਰਿਤਸਰ ਤੋਂ ਉੱਤਰੀ ਅਮਰੀਕਾ, ਯੂਰਪ, ਲੰਡਨ, ਏਸ਼ੀਆ ਅਤੇ ਆਸਟ੍ਰੇਲੀਆ ਵਰਗੇ ਪ੍ਰਮੁੱਖ ਆਲਮੀ ਕੇਂਦਰਾਂ, ਜੋ ਪੰਜਾਬ ਨੂੰ ਦੁਨੀਆਂ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਨਾਲ ਜੋੜਦੇ ਹਨ, ਲਈ ਉਡਾਣਾਂ ਸ਼ੁਰੂ ਕਰਨ ਲਈ ਜ਼ੋਰ ਪਾਇਆ ਜਾਵੇ।
ਗੱਲਬਾਤ ਦਾ ਰੁਖ ਪ੍ਰਵਾਸੀ ਭਾਰਤੀਆਂ ਦੀਆਂ ਚਿੰਤਾਵਾਂ ਵੱਲ ਮੋੜਦਿਆਂ ਸ. ਢੇਸੀ ਨੇ ਪੰਜਾਬ ਲਈ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਸਥਾਪਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਲਗਾਤਾਰ ਦਰਪੇਸ਼ ਮੁੱਦਿਆਂ ਨੂੰ ਉਠਾਇਆ ਜਿਸ ਵਿੱਚ ਜ਼ਮੀਨੀ ਵਿਵਾਦ, ਜਾਇਦਾਦਾਂ ਤੇ ਕਬਜ਼ੇ ਕਰਨ, ਆਪਸੀ ਟਕਰਾਅ ਅਤੇ ਇੱਥੋਂ ਤੱਕ ਕਿ ਜਬਰਨ-ਵਸੂਲੀ ਦੀਆਂ ਧਮਕੀਆਂ ਵੀ ਸ਼ਾਮਲ ਹਨ। ਪ੍ਰਵਾਸੀ ਭਾਰਤੀਆਂ ਲਈ ਸਮੇਂ ਸਿਰ ਨਿਆਂ ਯਕੀਨੀ ਬਣਾਉਣ ਲਈ ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਨੂੰ ਹੋਰ ਵਿਸ਼ੇਸ਼ ਐਨ.ਆਰ.ਆਈ. ਪੁਲਿਸ ਥਾਣੇ ਅਤੇ ਵਿਸ਼ੇਸ਼ ਫਾਸਟ-ਟਰੈਕ ਅਦਾਲਤਾਂ ਸਥਾਪਤ ਕਰਨੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਐਨਆਰਆਈ ਕਮਿਸ਼ਨ ਨੂੰ ਇਸਦੀ ਸਲਾਹਕਾਰੀ ਭੂਮਿਕਾ ਦੀ ਬਜਾਏ ਸ਼ਿਕਾਇਤਾਂ ਦੇ ਨਿਰਣਾਇਕ ਹੱਲ ਲਈ ਇੱਕ ਸ਼ਕਤੀਸ਼ਾਲੀ ਬਾਡੀ ਬਣਾਉਣ ਵਾਸਤੇ ਇਸ ਸੰਸਥਾ ਨੂੰ ਅਸਲ ਕਾਰਜਕਾਰੀ ਅਥਾਰਟੀ ਅਤੇ ਢੁਕਵੇਂ ਸਥਾਈ ਸਟਾਫ ਨਾਲ ਵਧੇਰੇ ਸਸ਼ਕਤ ਅਤੇ ਮਜ਼ਬੂਤ ਬਣਾਉਣ ਦੀ ਵਕਾਲਤ ਕੀਤੀ।
ਅੰਤਰਰਾਸ਼ਟਰੀ ਕੂਟਨੀਤੀ ਅਤੇ ਨਿਆਂ ਦੇ ਮਾਮਲਿਆਂ 'ਤੇ ਬੋਲਦਿਆਂ ਸ. ਢੇਸੀ ਨੇ ਭਾਰਤ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਇਹ ਮੌਕਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲ ਹੀ ਵਿੱਚ ਪੈਦਾ ਹੋਏ ਤਣਾਅ ਨੂੰ ਦੂਰ ਕਰਕੇ ਸ਼ਾਂਤੀਪੂਰਨ ਮਾਹੌਲ ਦੀ ਬਹਾਲੀ ਲਈ ਬੇਹੱਦ ਅਹਿਮ ਸਿੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ਦੀ ਪਾਲਣਾ ਕਰਨ ਅਤੇ ਉਨ੍ਹਾਂ ਸਾਰੇ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਜੋ ਪਹਿਲਾਂ ਹੀ ਆਪਣੀਆਂ ਪੂਰੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਇੱਕ ਖਾਸ ਕੇਸ ਵਿੱਚ ਉਨ੍ਹਾਂ ਨੇ ਬਰਤਾਨੀਆਂ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਵਿਰੁੱਧ ਲੰਬੇ ਸਮੇਂ ਤੋਂ ਚੱਲ ਰਹੇ ਕਾਨੂੰਨੀ ਮਾਮਲੇ ਦੇ ਜਲਦੀ ਹੱਲ ਦੀ ਮੰਗ ਕੀਤੀ।
ਸ. ਤਨਮਨਜੀਤ ਸਿੰਘ ਢੇਸੀ, ਜਿਨ੍ਹਾਂ ਨੂੰ ਪੰਜਾਬ ਅਤੇ ਪ੍ਰਵਾਸੀਆਂ ਭਾਰਤੀਆਂ ਨਾਲ ਸਬੰਧਤ ਮੁੱਦਿਆਂ 'ਤੇ ਆਪਣੀ ਸਰਗਰਮ ਵਕਾਲਤ ਲਈ ਜਾਣਿਆ ਜਾਂਦਾ ਹੈ, ਨੇ ਕਿਹਾ ਕਿ ਇਹ ਕਦਮ ਖਿੱਤੇ ਵਿੱਚ ਖੁਸ਼ਹਾਲੀ ਤੇ ਅਮਨ-ਸ਼ਾਤੀ ਦੇ ਪਾਸਾਰ ਅਤੇ ਭਾਰਤ ਤੇ ਵਿਦੇਸ਼ਾਂ ਵਿੱਚ ਵਸਦੇ ਲੱਖਾਂ ਨਾਗਰਿਕਾਂ ਦਰਮਿਆਨ ਸਬੰਧਾਂ ਦੀ ਮਜ਼ਬੂਤੀ ਲਈ ਬੇਹੱਦ ਅਹਿਮ ਸਿੱਧ ਹੋਣਗੇ।

Have something to say? Post your comment

 
 
 

ਪੰਜਾਬ

ਇਕਬਾਲ ਸਿੰਘ ਭੰਮਰਾ ਵੱਲੋ ਲਿਖਤ ਪੁਸਤਕ "ਗੁਰਬਾਣੀ ਗਾਇਨ" ਇੱਕ ਖੋਜ ਭਰਪੂਰ ਦਸਤਾਵੇਜ਼- ਇੰਦਰਜੀਤ ਸਿੰਘ ਮਕੱੜ

ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਅਮਰੀਕਾ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਮੁਅੱਤਲ ਕਰਨ ਦਾ ਮਾਮਲਾ ਚੁੱਕਣ ਦੀ ਕੀਤੀ ਅਪੀਲ

ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਪੰਜਾਬ ਸਰਕਾਰ ਦੀ ਵੱਡੀ ਪਹਿਲ: ਆਈ.ਟੀ.ਆਈਜ਼. ਵਿੱਚ 814 ਨਵੇਂ ਟਰੇਡ ਸ਼ੁਰੂ

ਪੰਜਾਬ ਵਿੱਚ ਲੋਕਾਂ ਦੀ ਭਲਾਈ ਲਈ ਲਾਏ ਜਾ ਰਹੇ ਬੀਜੇਪੀ ਦੇ ਕੈਂਪ ਜਾਰੀ ਰਹਿਣਗੇ

ਬੀਜੇਪੀ ਅਤੇ ਆਪ ਖੇਡ ਰਹੀਆਂ ਹਨ ਸਿਆਸੀ ਨੂਰਾ ਕੁਸ਼ਤੀ - ਗਿਆਨੀ ਹਰਪ੍ਰੀਤ ਸਿੰਘ

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਟ੍ਰੈਫਿਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

55 ਲੱਖ ਪੰਜਾਬੀਆਂ ਦਾ ਮੁਫ਼ਤ ਰਾਸ਼ਨ ਬੰਦ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਕੇਂਦਰ ਸਰਕਾਰ-ਮੁੱਖ ਮੰਤਰੀ

‘ਯੁੱਧ ਨਸ਼ਿਆਂ ਵਿਰੁੱਧ’: 175ਵੇਂ ਦਿਨ ਪੰਜਾਬ ਪੁਲਿਸ ਨੇ 470 ਥਾਵਾਂ ’ਤੇ ਕੀਤੀ ਛਾਪੇਮਾਰੀ; 134 ਨਸ਼ਾ ਤਸਕਰ ਕਾਬੂ

ਭਗਵੰਤ ਸਿੰਘ ਮਾਨ ਤਾਮਿਲਨਾਡੂ ਸਰਕਾਰ ਵੱਲੋਂ ਮੁੱਖ ਮੰਤਰੀ ਨਾਸ਼ਤਾ ਯੋਜਨਾ ਦੇ ਵਿਸਥਾਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਅਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਕਲਕੱਤਾ ਲਈ ਰਵਾਨਾ