ਨਵੀਂ ਦਿੱਲੀ -ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਅਤੇ ਸਕੱਤਰ ਗੁਰਵਿੰਦਰ ਸਿੰਘ ਵੱਲੋਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ ਗਈ, ਜਿਸ ਵਿੱਚ ਤਖਤ ਸਾਹਿਬ ਆਉਣ ਵਾਲੀ ਸੰਗਤ ਦੀ ਸੁਵਿਧਾ ਲਈ ਰੇਲ ਪ੍ਰਚਾਲਨ ਨੂੰ ਆਧੁਨਿਕ ਬਣਾਉਣ ਦੀ ਮੰਗ ਕੀਤੀ ਗਈ। ਇਸ ਮੁਲਾਕਾਤ ਦੇ ਬਾਅਦ ਮੰਤਰੀ ਜੀ ਨੇ ਤੁਰੰਤ ਇਕ ਕਮੇਟੀ ਦਾ ਗਠਨ ਕਰਕੇ ਸਾਰੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਆਸ਼ਵਾਸਨ ਦਿੱਤਾ। ਸ: ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਨੇ ਰੇਲ ਰਾਜ ਮੰਤਰੀ ਨਾਲ ਮੀਟਿੰਗ ਕਰਕੇ ਸੰਗਤ ਦੀ ਸੁਵਿਧਾ ਲਈ ਮੰਗਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ, ਜਿਨ੍ਹਾਂ ਵਿੱਚ ਪਟਨਾ ਸਾਹਿਬ ਤੋਂ ਅੰਮ੍ਰਿਤਸਰ ਦੇ ਵਿਚਕਾਰ ਇਕ ਨਵੀਂ ਸੁਪਰਫਾਸਟ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨ ਚਲਾਉਣ ਦੀ ਮੰਗ ਕੀਤੀ ਗਈ ਹੈ, ਕਿਉਂਕਿ ਪੰਜਾਬ ਤੋਂ ਬੜੀ ਗਿਣਤੀ ਵਿੱਚ ਸੰਗਤ ਹੁਣ ਪਟਨਾ ਸਾਹਿਬ ਦਰਸ਼ਨ ਲਈ ਆਉਂਦੀ ਹੈ, ਪਰ ਕੋਈ ਵੀ ਸੁਪਰਫਾਸਟ ਟ੍ਰੇਨ ਨਾ ਹੋਣ ਕਰਕੇ ਸੰਗਤ ਨੂੰ ਮੁਸ਼ਕਲਾਂ ਆਉਂਦੀਆਂ ਹਨ।
ਰੇਲਗੱਡੀ ਸੰਖਿਆ 12317/12318 ਅਕਾਲ ਤਖਤ ਐਕਸਪ੍ਰੈਸ ਜੋ ਕਿ ਅੰਮ੍ਰਿਤਸਰ ਤੋਂ ਆਉਂਦੀ ਹੈ, ਵਿੱਚ ਪੈਂਟਰੀ ਕਾਰ ਨਾ ਹੋਣ ਨਾਲ ਸੰਗਤ ਨੂੰ ਖਾਣ ਪੀਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਇਸ ਵਿੱਚ ਪੈਂਟਰੀ ਕਾਰ ਲਗਾਉਣ ਅਤੇ ਇਸ ਨੂੰ ਦੋਨੋਂ ਪਾਸਿਆਂ ਤੋਂ ਰੋਜ਼ਾਨਾ ਚਲਾਉਣ ਦੀ ਮੰਗ ਕੀਤੀ ਗਈ ਹੈ, ਕਿਉਂਕਿ ਅਜੇ ਇਹ ਰੇਲਗੱਡੀ ਹਫਤੇ ਵਿੱਚ ਸਿਰਫ ਦੋ ਵਾਰ ਚਲਦੀ ਹੈ। ਪਟਨਾ ਸਾਹਿਬ ਸਟੇਸ਼ਨ ਨੂੰ ਆਧੁਨਿਕ ਰੇਲਵੇ ਸਟੇਸ਼ਨ ਬਣਾਉਣ ਦੀ ਮੰਗ ਵੀਂ ਰੱਖੀ ਗਈ ਹੈ। ਪਟਨਾ ਸਾਹਿਬ ਤੋਂ ਗੁਜ਼ਰਨ ਵਾਲੀਆਂ ਮੁੱਖ ਰੇਲਗੱਡੀਆਂ ਦਾ ਠਹਿਰਾਓ ਪਟਨਾ ਸਾਹਿਬ ਸਟੇਸ਼ਨ 'ਤੇ ਦੇਣ ਦੀ ਵੀ ਮੰਗ ਕੀਤੀ ਗਈ ਹੈ। ਸ: ਜਗਜੋਤ ਸਿੰਘ ਸੋਹੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਰੇਲ ਰਾਜ ਮੰਤਰੀ ਵੱਲੋਂ ਤਖਤ ਪਟਨਾ ਸਾਹਿਬ ਆਉਣ ਵਾਲੀ ਸੰਗਤ ਲਈ ਦਿਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਰੇਲ ਮੰਤਰਾਲੇ ਵੱਲੋਂ ਪੰਜਵੇਂ ਤਖਤ ਨੂੰ ਜੋੜਨ ਲਈ ਜੋ ਨਵੀਂ ਟ੍ਰੇਨ ਚਲਾਉਣ ਦੀ ਮੰਜ਼ੂਰੀ ਦਿੱਤੀ ਜਾ ਰਹੀ ਹੈ, ਉਸ ਲਈ ਪੂਰਾ ਰੇਲ ਮੰਤਰਾਲਾ ਅਤੇ ਖਾਸ ਕਰਕੇ ਰਵਨੀਤ ਸਿੰਘ ਬਿੱਟੂ ਬਧਾਈ ਦੇ ਯੋਗ ਹਨ।