ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਭਿਆਨਕ ਹੜ੍ਹਾਂ ਵਿਚ ਫਸੇ ਪੰਜਾਬੀਆਂ ਦੀ ਮਦਦ ਕਰਨਾ ਸਾਡਾ ਮੁੱਢਲਾ ਫਰਜ਼ ਹੈ ਤੇ ਇਸ ਮਾਮਲੇ ਵਿਚ ਦਿੱਲੀ ਗੁਰਦੁਆਰਾ ਕਮੇਟੀ ਕਦੇ ਵੀ ਪਿੱਛੇ ਨਹੀਂ ਹਟੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜਿਵੇਂ ਹੀ ਸਾਡੇ ਕੋਲ ਸੂਚਨਾ ਪਹੁੰਚੀ ਕਿ ਪੰਜਾਬ ਨੂੰ ਭਿਆਨਕ ਹੜ੍ਹਾਂ ਨੇ ਘੇਰ ਲਿਆ ਹੈ ਤਾਂ ਅਸੀਂ ਤੁਰੰਤ ਪੰਜਾਬ ਵਿਚ ਆਪਣੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ ਦੀ ਡਿਊਟੀ ਹਾਲਾਤਾਂ ਦੇ ਜਾਇਜ਼ੇ ਵਾਸਤੇ ਲਗਾਈ। ਉਹਨਾਂ ਦੱਸਿਆ ਕਿ ਰਿਪੋਰਟ ਮਿਲਦੇ ਸਾਰੇ ਹੀ ਅਸੀਂ ਰਾਸ਼ਨ ਤੇ ਜ਼ਰੂਰੀ ਸਮਾਨ ਵਾਲੀਆਂ ਟੀਮਾਂ ਪੰਜਾਬ ਲਈ ਰਵਾਨਾ ਕੀਤੀਆਂ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਇਸ ਵੇਲੇ ਗੁਰਦਾਸਪੁਰ ਦੇ ਪਿੰਡ ਡੇਰਾ ਪਠਾਣਾ ਵਿਚ ਮੁੱਖ ਸੜਕ ’ਤੇ ਮੁੱਖ ਕੈਂਪ ਲਗਾਇਆ ਹੋਇਆ ਹੈ ਜਿਸ ਰਾਹੀਂ ਅਸੀਂ ਨੇੜਲੇ ਪਿੰਡਾਂ ਰੱਤਾ ਹਵੇਲੀਆਂ, ਤਲਵੰਡੀ ਰਸੀਂਕੇ, ਜੋੜਾ ਬਹਿਲੋਰਪੁਰ ਘੁੰਮਣ, ਟਾਹਲੀ ਸਾਹਿਬ ਅਬਦਾਲ, ਮੂਲੋਂਵਾਲੀ ਆਦਿ ਵਿਚ ਹੜ੍ਹਾਂ ਵਿਚ ਘਿਰੇ ਲੋਕਾਂ ਵਾਸਤੇ ਪੀਣ ਵਾਲਾ ਪਾਣੀ, ਸੁੱਕਾ ਦੁੱਧ, ਰਾਸ਼ਨ ਤੇ ਹੋਰ ਲੋੜੀਂਦਾ ਸਮਾਨ ਉਪਲਬਧ ਕਰਵਾ ਰਹੇ ਹਾਂ। ਉਹਨਾਂ ਦੱਸਿਆ ਕਿ ਰਮਦਾਸ ਇਲਾਕੇ ਨੂੰ ਵੀ ਹੜ੍ਹਾਂ ਦੀ ਵੱਡੀ ਮਾਰ ਪਈ ਹੈ ਤੇ ਸਾਡੀਆਂ ਟੀਮਾਂ ਜਲਦੀ ਹੀ ਇਸ ਇਲਾਕੇ ਵਿਚ ਵੀ ਸੇਵਾ ਵਾਸਤੇ ਪਹੁੰਚ ਜਾਣਗੀਆਂ। ਉਹਨਾਂ ਦੱਸਿਆ ਕਿ ਸਾਡੀਆਂ ਟੀਮਾਂ ਵਿਚ ਪੰਜਾਬ ਵਿਚ ਤਾਇਨਾਤ ਸਾਡੇ ਮੁਲਾਜ਼ਮਾਂ ਤੋਂ ਇਲਾਵਾ ਦਿੱਲੀ ਤੋਂ ਵੀ ਸੰਗਤ ਪੰਜਾਬੀਆਂ ਦੀ ਸੇਵਾ ਵਾਸਤੇ ਪਹੁੰਚੀ ਹੈ। ਉਹਨਾਂ ਕਿਹਾ ਕਿ ਪੰਜਾਬ ਸਾਡਾ ਪੇਕਾ ਘਰ ਹੈ ਤੇ ਪੰਜਾਬੀਆਂ ਦੀ ਸੇਵਾ ਕਰਨਾ ਦਾ ਸਾਡਾ ਮੁੱਢਲਾ ਫਰਜ਼ ਹੈ। ਉਹਨਾਂ ਕਿਹਾ ਕਿ ਦੇਸ਼ ਤੇ ਦੁਨੀਆਂ ਵਿਚ ਜਿਥੇ ਕਿਤੇ ਵੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਪੰਜਾਬੀ ਮੋਹਰੀ ਹੋ ਕੇ ਸੇਵਾ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਤੇ ਹੁਣ ਜਦੋਂ ਪੰਜਾਬੀਆਂ ਨੂੰ ਭਿਆਨਕ ਹੜ੍ਹਾਂ ਦੀ ਮਾਰ ਪਈ ਹੈ ਤਾਂ ਅਸੀਂ ਵੀ ਸੇਵਾ ਕਰਨ ਤੋਂ ਪਿੱਛੇ ਨਹੀਂ ਰਹਾਂਗੇ। ਉਹਨਾਂ ਦੱਸਿਆ ਕਿ ਅਸੀਂ 2023 ਵਿਚ ਵੀ ਹੜ੍ਹਾਂ ਦੌਰਾਨ ਸਮਾਣਾ ਇਲਾਕੇ ਵਿਚ ਸਹਾਇਤਾ ਤੇ ਸੇਵਾ ਕੈਂਪ ਲਗਾਏ ਸਨ ਤੇ ਇਸ ਵਾਰ ਸਾਡੇ ਵੱਲੋਂ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਰਹੇਗੀ। ਉਹਨਾਂ ਦੱਸਿਆ ਕਿ ਹੜ੍ਹਾਂ ਦਾ ਪਾਣੀ ਉਤਰਣ ਮਗਰੋਂ ਪ੍ਰਭਾਵਤ ਇਲਾਕਿਆਂ ਵਿਚ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੈ ਜਿਸ ਵਾਸਤੇ ਅਸੀਂ ਮੈਡੀਕਲ ਟੀਮਾਂ ਵੀ ਤਾਇਨਾਤ ਕਰਾਂਗੇ ਤੇ ਦਵਾਈਆਂ ਵੀ ਉਪਲਬਧ ਕਰਾਵਾਂਗੇ। ਉਹਨਾਂ ਕਿਹਾ ਕਿ ਹੜ੍ਹਾਂ ਨਾਲ ਨਜਿੱਠਣ ਵਿਚ ਸੂਬਾ ਸਰਕਾਰ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਨਾ ਕੋਈ ਰਿਹਰਸਲ ਕੀਤੀ ਤੇ ਨਾ ਕੋਈ ਅਗਾਊਂ ਪ੍ਰਬੰਧ ਕੀਤੇ। ਉਹਨਾਂ ਕਿਹਾ ਕਿ ਮਾਧੋਪੁਰ ਡੈਮ ਦੀ ਡੇਢ ਸਾਲ ਤੋਂ ਰਿਪੋਰਟ ਤਿਆਰ ਸੀ ਕਿ ਰਿਪੇਅਰ ਦੀ ਜ਼ਰੂਰਤ ਹੈ ਪਰ ਉਸਦੀ ਕੋਈ ਪਰਵਾਹ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਕੇਵਲ ਮੀਡੀਆ ਵਿਚ ਇਸ਼ਤਿਹਾਰ ਦੇ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਇਹ ਵੀ ਦੱਸਿਆ ਕਿ ਹੜ੍ਹਾਂ ਵਿਚ ਮਦਦ ਤੋਂ ਇਲਾਵਾ ਅਸੀਂ ਪੰਜਾਬ ਵਿਚ ਸਕਿੱਲ ਡਵੈਲਪਮੈਂਟ ਸੈਂਟਰ ਖੋਲ੍ਹ ਰਹੇ ਹਾਂ ਤਾਂ ਜੋ ਨੌਜਵਾਨਾਂ ਨੂੰ ਹੁਨਰ ਸਿੱਖਲਾਈ ਦਿੱਤੀ ਜਾ ਸਕੇ। ਸਾਡਾ ਭਾਰਤ ਸਰਕਾਰ ਨਾਲ ਸਮਝੌਤਾ ਹੋਇਆ ਹੈ ਜਿਸ ਤਹਿਤ ਇਹ ਕੈਂਪ ਲਗਾਏ ਜਾਣਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬੀਆਂ ਦੀ ਸੇਵਾ ਵਾਸਤੇ ਹਰ ਵੇਲੇ ਹਾਜ਼ਰ ਹਾਂ ਤੇ ਕਦੇ ਵੀ ਇਸ ਤੋਂ ਪਿੱਛੇ ਨਹੀਂ ਹਟਾਂਗੇ।