ਅੰਮ੍ਰਿਤਸਰ-ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ 15ਵਾਂ ਭਾਰਤੀ ਅੰਗ ਦਾਨ ਦਿਵਸ-2025 ਦੇ ਸਬੰਧ ’ਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਲੀਕਿਆਂ ਗਿਆ ਉਕਤ ਪ੍ਰੋਗਰਾਮ ਐਸੋਸੀਏਟ ਪ੍ਰੋਫੈਸਰ ਡਾ. ਤਰਨਦੀਪ ਕੌਰ ਅਤੇ ਨਰਸਿੰਗ ਟਿਊਟਰ ਸ੍ਰੀਮਤੀ ਸਾਬੀਆ ਅਰੋੜਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਐੱਮ. ਐੱਸ. ਸੀ. ਨਰਸਿੰਗ ਦੇ ਵਿਦਿਆਰਥੀਆਂ ਨੇ ਅੰਗ ਦਾਨ ਸਬੰਧੀ ਜਾਗਰੂਕਤਾ ਫ਼ੈਲਾਉਣ ਲਈ ਭਾਸ਼ਣ ਦਿੱਤਾ। ਜਿਸ ’ਚ ਉਨ੍ਹਾਂ ਨੇ ਅੰਗ ਦਾਨ ਨਾਲ ਜੁੜੀਆਂ ਮਿੱਥਾਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਕਰਦਿਆਂ ਬੀ. ਐੱਸਸੀ ਨਰਸਿੰਗ ਦੇ ਵਿਦਿਆਰਥੀਆਂ ਨੂੰ ਮੌਤ ਤੋਂ ਬਾਅਦ ਅੰਗ ਅਤੇ ਟਿਸ਼ੂ ਦਾਨ ਕਰਨ ਦੇ ਨਾਲ-ਨਾਲ ਆਪਣੇ ਜੀਵਨ ’ਚ ਅੰਗ ਦਾਨ ਦੀ ਕੀਮਤ ਸਬੰਧੀ ਉਤਸ਼ਾਹਿਤ ਕੀਤਾ।
ਉਨ੍ਹਾਂ ਕਿਹਾ ਕਿ ਇਸੇ ਉਦੇਸ਼ ਤਹਿਤ ਅੰਗ ਦਾਨ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਦਿਆਂ ਪੋਸਟਰ ਮੇਕਿੰਗ, ਪੇਂਟਿੰਗ ਅਤੇ ਕਵਿਤਾ ਆਦਿ ਵਰਗੇ ਮੁਕਾਬਲੇ ਵੀ ਕਰਵਾਏ ਗਏ। ਜਿਸ ’ਚ ਇਸ਼ਮੀਤ ਕੌਰ ਨੇ ਪੋਸਟਰ ਮੇਕਿੰਗ ’ਚ ਪਹਿਲਾ, ਸ੍ਰੀਮਤੀ ਪੁਨੀਤ ਕੌਰ ਨੇ ਕਵਿਤਾ ’ਚ ਪਹਿਲਾ ਅਤੇ ਸ੍ਰੀਮਤੀ ਮਹਿਕਦੀਪ ਕੌਰ ਨੇ ਪੇਂਟਿੰਗ ਮੁਕਾਬਲੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਵੀ ਅਜਿਹੇ ਉਪਰਾਲੇ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।