ਪੰਜਾਬ

ਪੰਜਾਬ ਦੇ ਹੜ੍ਹ ਪ੍ਰਭਾਵਿਤਾਂ ਦੇ ਮੁੜ ਵਸੇਬੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੈੱਬਸਾਈਟ ਦਾ ਐਲਾਨ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | September 13, 2025 07:20 PM

ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਅੰਦਰ ਹੜ੍ਹਾਂ ਦੀ ਸਥਿਤੀ ਦੌਰਾਨ ਰਾਹਤ ਸੇਵਾਵਾਂ ਨਿਭਾਅ ਰਹੀਆਂ ਵੱਖ-ਵੱਖ ਸਿੱਖ ਸੰਸਥਾਵਾਂ, ਸਮੂਹਾਂ, ਸ਼ਖ਼ਸੀਅਤਾਂ, ਪੰਜਾਬੀ ਕਲਾਕਾਰਾਂ ਤੇ ਅਦਾਕਾਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਗਈ। ਇਕੱਤਰਤਾ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਸੇਵਾਵਾਂ ਕਰ ਰਹੀਆਂ ਸਮੂਹ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਸੰਗਠਤ ਕਰਨ ਅਤੇ ਨੀਤੀਗਤ ਢੰਗ ਨਾਲ ਸੰਪੂਰਨ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਕਰਵਾਉਣ ਲਈ ਸੋਮਵਾਰ ਤੱਕ sarkarekhalsa.org ਵੈੱਬਸਾਈਟ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੇਵਾ ਕਰਨ ਵਾਲੀਆਂ ਸਮੂਹ ਸੰਸਥਾਵਾਂ ਇਸ ਵੈੱਬਸਾਈਟ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਰਜਿਸਟਰ ਹੋਣ ਅਤੇ ਉਨ੍ਹਾਂ ਨੂੰ ਰਾਹਤ ਕਾਰਜਾਂ ਲਈ ਢੁਕਵੀਂ ਸੇਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਵੱਖ-ਵੱਖ ਸੰਸਥਾਵਾਂ ਇਕੱਠੀਆਂ ਹੋ ਕੇ ਕੰਮ ਕਰਨਾ ਚਾਹੁੰਦੀਆਂ ਹਨ, ਉਹ ਵੀ ਆਪਣੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦੇਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੈੱਬਸਾਈਟ ਦਾ ਸਮੁੱਚਾ ਪ੍ਰਬੰਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਹੋਵੇਗਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਹਰ ਸੰਸਥਾ ਆਪਣੇ ਦੋ-ਦੋ ਵਲੰਟੀਅਰ ਸੇਵਾਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਰਾਬਤਾ ਰੱਖਣ ਅਤੇ ਰਾਹਤ ਕਾਰਜਾਂ ਵਿੱਚ ਤਾਲਮੇਲ ਤੇ ਸਹਿਯੋਗ ਬਣਾਉਣ ਲਈ ਦੇਣ। ਉਨ੍ਹਾਂ ਕਿਹਾ ਕਿ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਵੀ ਬਣਾ ਦਿੱਤਾ ਜਾਵੇਗਾ, ਜਿਸ ਰਾਹੀਂ ਸਮੂਹ ਸੰਸਥਾਵਾਂ ਤੇ ਸੇਵਾ ਕਾਰਜਾਂ ਨਾਲ ਸਬੰਧਤ ਜਾਣਕਾਰੀ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਢਲੇ ਤੌਰ ਉੱਤੇ ਜਾਰੀ ਮੰਚ ਵੱਲੋਂ 20 ਪਿੰਡਾਂ ਪਿੱਛੇ ਇੱਕ ਵਲੰਟੀਅਰ ਦੀ ਸੇਵਾ ਲਗਾਈ ਜਾਵੇਗੀ ਅਤੇ ਪੰਜਾਬ ਦੇ ਲਗਭਗ 1600 ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਸੰਗਠਤ ਪਹੁੰਚ ਕੀਤੀ ਜਾਵੇਗੀ।
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਵਿੱਚ ਸੇਵਾ ਕਰ ਰਹੀਆਂ ਸਿੱਖ ਸੰਸਥਾਵਾਂ ਵਿਰੁੱਧ ਨਕਲੀ ਨਿਹੰਗ ਹਰਜੀਤ ਸਿੰਘ ਰਸੂਲਪੁਰ ਵੱਲੋਂ ਮੀਡੀਆ ਰਾਹੀਂ ਗਲਤ ਬਿਰਤਾਂਤ ਘੜਿਆ ਗਿਆ ਕਿ ਸੇਵਾਵਾਂ ਕਰ ਰਹੀਆਂ ਸੰਸਥਾਵਾਂ ਵੱਲੋਂ ਜਾਤ ਅਧਾਰਤ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਗੱਲ ਦਾਅਵੇ ਨਾਲ ਕਹੀ ਕਿ ਸਿੱਖ ਸੰਸਥਾਵਾਂ ਦੇ ਕਿਸੇ ਵੀ ਸੇਵਾਦਾਰ ਨੇ ਵਿਤਕਰਾ ਨਹੀਂ ਕੀਤਾ ਹੋਵੇਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਦਾ ਇਹ ਇਕੱਠ ਹਰਜੀਤ ਸਿੰਘ ਰਸੂਲਪੁਰ ਨੂੰ ਬਹਿਰੂਪੀਆ ਕਰਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹੋ ਜਿਹੋ ਲੋਕਾਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ, ਜਿਹੜੀ ਆਪਣੇ ਹੀ ਲੋਕਾਂ, ਪੰਥ ਅਤੇ ਪੰਜਾਬ ਦੇ ਖਿਲਾਫ਼ ਬੋਲਦੇ ਹਨ। ਉਨ੍ਹਾਂ ਮੀਡੀਆ ਅਦਾਰਿਆਂ ਨੂੰ ਵੀ ਆਖਿਆ ਕਿ ਹਰਜੀਤ ਸਿੰਘ ਰਸੂਲਪੁਰ ਜਿਹੇ ਵਿਅਕਤੀਆਂ ਨੂੰ ਆਪਣੇ ਚੈਨਲਾਂ ਉੱਤੇ ਥਾਂ ਨਾ ਦਿੱਤੀ ਜਾਵੇ ਕਿਉਂਕਿ ਇਹ ਸਿੱਖਾਂ ਦਾ ਕੋਈ ਨੁਮਾਇੰਦਾ ਨਹੀਂ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਤੇ ਸੰਸਥਾਵਾਂ ਨੇ ਨਿਸ਼ਕਾਮ ਤੇ ਮਾਨਵਤਾ ਦੀ ਭਾਵਨਾ ਨਾਲ ਸੇਵਾਵਾਂ ਕੀਤੀਆਂ ਹਨ, ਜਿਸ ਦੌਰਾਨ ਕਈਆਂ ਦੀਆਂ ਜਾਨਾਂ ਵੀ ਗਈਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਸਰਕਾਰ ਵੱਲੋਂ ਐਲਾਨੀ ਗਈ ਮੁਆਵਜ਼ਾ ਰਾਸ਼ੀ ਬਹੁਤ ਘੱਟ ਹੈ, ਇਸ ਨੂੰ ਵਧਾਇਆ ਜਾਣਾ ਚਾਹੀਦਾ ਹੈ ਅਤੇ ਜਿਹੜੀਆਂ ਸੰਸਥਾਵਾਂ ਦੇ ਸੇਵਾਦਾਰਾਂ ਦੀ ਸੇਵਾ ਕਰਦੇ ਹੋਏ ਜਾਨਾਂ ਗਈਆਂ ਹਨ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੌਕੇ ਉੱਤੇ ਮੌਜੂਦ ਰਾਜ ਸਭਾ ਮੈਂਬਰ ਸ. ਵਿਕਰਮਜੀਤ ਸਿੰਘ ਸਾਹਨੀ ਨੂੰ ਆਖਿਆ ਕਿ ਇਹੋ ਜਿਹੇ ਝੂਠੇ ਬਿਰਤਾਂਤ ਘੜਣ ਵਾਲੇ ਲੋਕਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣ ਚਾਹੀਦੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਖ਼ਾਲਸਾ ਪੰਥ ਚੜ੍ਹਦੀ ਕਲਾ ਵਿੱਚ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੰਥ ਦੀਆਂ ਸਮੂਹ ਸੰਸਥਾਵਾਂ ਨੇ ਹੜ੍ਹਾਂ ਦੌਰਾਨ ਸ਼ਲਾਘਾਯੋਗ ਸੇਵਾਵਾਂ ਕੀਤੀਆਂ ਹਨ, ਇਸ ਲਈ ਆਪਣੀਆਂ ਸੰਸਥਾਵਾਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜਿਹੜੀ ਵੀ ਸਿੱਖ ਸੰਸਥਾ ਆਪਣਾ ਬੈਂਕ ਖਾਤਾ ਜਾਰੀ ਕਰਕੇ ਸੰਗਤ ਕੋਲੋਂ ਦਸਵੰਧ ਪ੍ਰਾਪਤ ਕਰਦੀ ਹੈ, ਉਨ੍ਹਾਂ ਨੂੰ ਆਪਣਾ ਲੇਖਾ-ਜੋਖਾ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਗਜ਼ਟ ਦੀ ਉਦਾਹਰਨ ਦਿੱਤੀ, ਜਿਸ ਵਿੱਚ ਸੰਸਥਾ ਵੱਲੋਂ ਹਰ ਮਹੀਨੇ ਵਿੱਤੀ ਲੇਖਾ-ਜੋਖਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੂਹ ਸਿੱਖ ਸੰਸਥਾਵਾਂ ਆਪਣੇ ਕਾਰਜ ਵਿੱਚ ਪਾਰਦਰਸ਼ਤਾ ਲੈ ਕੇ ਆਉਣ ਅਤੇ ਦਸਵੰਧ ਸਾਰਥਕ ਢੰਗ ਨਾਲ ਖਰਚ ਕਰਨ।
ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ, ਬੁਲਾਰਿਆਂ ਤੇ ਸ਼ਖ਼ਸੀਅਤਾਂ ਨੇ ਪੰਜਾਬ ਅੰਦਰ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਤੱਕ ਸਮੁੱਚੇ ਰਾਹਤ ਕਾਰਜ ਤੇ ਮੁੜ ਵਸੇਬੇ ਦੇ ਯਤਨ ਇੱਕ ਸੰਗਠਤ ਤੇ ਤਰੀਕਾਕਾਰ ਰੂਪ ਵਿੱਚ ਲੈ ਕੇ ਜਾਣ ਦੇ ਸੁਝਾਅ ਪੇਸ਼ ਕੀਤੇ ਅਤੇ ਕਿਹਾ ਕਿ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਇੱਕ ਮੰਚ ਉੱਤੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸੰਗਠਤ ਪ੍ਰਬੰਧ ਨਾ ਹੋਣ ਕਰਕੇ ਕਿਸੇ ਵੀ ਸੰਸਥਾ ਵੱਲੋਂ ਦਸਵੰਧ ਨਾਲ ਕੀਤੀ ਗਈ ਸੇਵਾ ਵਿਅਰਥ ਨਹੀਂ ਜਾਣੀ ਚਾਹੀਦੀ, ਇਸ ਲਈ ਵੀ ਯਤਨ ਹੋਣ। ਇਹ ਮਹਿਸੂਸ ਕੀਤਾ ਗਿਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ ਕੀਤੇ ਗਏ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਬਹੁਤ ਥੋੜੇ ਹਨ ਅਤੇ ਸਰਕਾਰਾਂ ਸੰਸਥਾਵਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਵੀ ਕਿਸੇ ਸੰਗਠਤ ਢੰਗ ਨਾਲ ਪ੍ਰਭਾਵਿਤ ਲੋਕਾਂ ਤੱਕ ਨਹੀਂ ਪਹੁੰਚਾ ਸਕੀਆਂ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀਆਂ ਫ਼ਸਲਾਂ, ਲੋਕਾਂ ਦੇ ਘਰਾਂ ਤੇ ਜ਼ਮੀਨਾਂ ਤੇ ਜਾਨਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਲਈ ਵੀ ਆਖਿਆ ਜਾਵੇ ਕਿਉਂਕਿ ਇਹ ਲੋਕਾਂ ਦਾ ਹੱਕ ਹੈ ਅਤੇ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਨੂੰ ਵੀ ਚਿੰਨ੍ਹਿਤ ਕੀਤਾ ਜਾਵੇ।
ਇਸ ਇਕੱਤਰਤਾ ਵਿੱਚ ਦੇਸ਼ ਵਿਦੇਸ਼ ਦੀਆਂ ਕਰੀਬ 100 ਸੰਸਥਾਵਾਂ ਦੇ ਆਗੂ ਤੇ ਨੁਮਾਇੰਦੇ ਅਤੇ ਵੱਖ-ਵੱਖ ਸ਼ਖ਼ਸੀਅਤਾਂ ਪਹੁੰਚੀਆਂ।

Have something to say? Post your comment

 
 
 

ਪੰਜਾਬ

ਰਾਜਿਸਥਾਨ ਦੀਆਂ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਨੂੰ ਰਾਹਤ ਕਾਰਜਾਂ ਲਈ ਦਿੱਤੇ 5 ਲੱਖ 51 ਹਜ਼ਾਰ ਰੁਪਏ

ਹਰ ਹੜ੍ਹ-ਪੀੜਤ ਨੂੰ ਮੁਆਵਜ਼ਾ ਮਿਲਣਾ ਯਕੀਨੀ ਬਣਾਏਗੀ ਮਾਨ ਸਰਕਾਰ: ਮੁੰਡੀਆਂ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ 2 ਲੱਖ ਰੁਪਏ ਦਾ ਪਾਇਆ ਯੋਗਦਾਨ

ਕੇਂਦਰ ਸਰਕਾਰ ਸ੍ਰੀ ਹਜ਼ੂਰ ਸਾਹਿਬ ਪੁੱਜਣ ਵਾਲੀਆ ਹਵਾਈ ਉਡਾਣਾਂ ਤੁਰੰਤ ਚਾਲੂ ਕਰੇ: ਬਾਬਾ ਬਲਬੀਰ ਸਿੰਘ

ਗੈਰ-ਕਾਨੂੰਨੀ ਮਾਈਨਿੰਗ ਕਾਰਨ ਲੁਧਿਆਣਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹਾਂ ਦੇ ਪਾਣੀ ਨੇ ਮਾਰੀ ਮਾਰ - ਬੀ.ਐਲ. ਵਰਮਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲੁਧਿਆਣਾ ਵੱਲੋ ਸੰਗਤਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਕੀਤੀ ਰਵਾਨਾ

ਹੜ੍ਹ ਪ੍ਰਭਾਵਿਤ ਪਿੰਡ 10 ਦਿਨਾਂ ਵਿੱਚ ਗਾਰ ਤੇ ਮਲਬੇ ਤੋਂ ਮੁਕਤ ਹੋਣਗੇ- ਮੁੱਖ ਮੰਤਰੀ

ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਮਨਾਇਆ ਗਿਆ ਅਧਿਆਪਕ ਦਿਵਸ

ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ਲਈ 10 ਲੱਖ ਰੁਪਏ ਦਾ ਯੋਗਦਾਨ

ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਮੰਡੀਆਂ ਵਿੱਚ ਲੋੜੀਂਦੀਆਂ ਮੈਡੀਕਲ ਅਤੇ ਸਫਾਈ ਸਹੂਲਤਾਂ ਯਕੀਨੀ ਬਣਾਈਆਂ ਜਾਣ: ਲਾਲ ਚੰਦ ਕਟਾਰੂਚੱਕ