ਚੰਡੀਗੜ-ਸੂਬੇ ਵਿੱਚ ਆਏ ਭਿਆਨਕ ਹੜਾਂ ਦੇ ਮਾਰੂ ਨਤੀਜਿਆਂ ਤੋਂ ਸਮੁੱਚੇ ਪਸੂਧਨ ਦੀ ਸੁਰੱਖਿਆ ਲਈ ਫੈਸਲਾਕੁਨ ਕਦਮ ਚੁੱਕਦਿਆਂ ਪੰਜਾਬ ਦੇ ਪਸੂ ਪਾਲਣ ਵਿਭਾਗ ਵੱਲੋਂ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ, ਖੁਰ ਰੋਗ ਅਤੇ ਪਰਜੀਵੀ ਲਾਗਾਂ ਸਮੇਤ ਗੰਭੀਰ ਜੋਖਮਾਂ ਨੂੰ ਘਟਾਉਣ ਲਈ ਵਿਆਪਕ ਅਤੇ ਸਮਾਂਬੱਧ ਕਾਰਜ ਯੋਜਨਾ ਉਲੀਕੀ ਗਈ ਹੈ। ਦੱਸ ਦੇਈਏ ਕਿ ਇਨਾਂ ਹੜਾਂ ਦੌਰਾਨ 713 ਪਿੰਡਾਂ ਵਿੱਚ 2.53 ਲੱਖ ਪਸੂ ਪ੍ਰਭਾਵਿਤ ਹੋਏ ਹਨ।
ਇਸ ਵਿਆਪਕ ਕਾਰਜ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਵਿਭਾਗ ਨੇ ਪਸੂਆਂ ਨੂੰ ਹੜ ਦੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ ਲਈ ਕਾਰਜ ਯੋਜਨਾ ਤਿਆਰ ਕੀਤੀ ਹੈ। ਇਨਾਂ ਬੀਮਾਰੀਆਂ ਵਿੱਚ ਗਲ ਘੋਟੂ, ਖੁਰ ਰੋਗ, ਥਣਾਂ ਦੀ ਬੀਮਾਰੀ, ਚਿੱਚੜ ਰੋਗ, ਚਮੜੀ ਰੋਗ, ਮੋਕ ਲੱਗਣੀ ਆਦਿ ਰੋਗਾਂ ਅਤੇ ਪੋਸਣ ਦੀ ਘਾਟ ਸਾਮਲ ਹੈ। ਇਸ ਬਹੁ-ਪੱਖੀ ਮੁਹਿੰਮ ਤਹਿਤ ਪ੍ਰਭਾਵਿਤ ਪਸੂ ਪਾਲਕਾਂ ਦੀ ਸਹਾਇਤਾ ਲਈ ਸਮੂਹਿਕ ਟੀਕਾਕਰਨ, ਕੀਟਾਣੂ-ਮੁਕਤ ਕਰਨ ਅਤੇ ਐਮਰਜੈਂਸੀ ਦੇਖਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਸੂ ਸਾਡੀ ਪੇਂਡੂ ਆਰਥਿਕਤਾ ਦੀ ਰੀੜ ਦੀ ਹੱਡੀ ਹਨ। ਇਸ ਆਫਤ ਦੀ ਘੜੀ ਵਿੱਚ ਅਸੀਂ ਆਪਣੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਸਿਰਫ ਰਾਹਤ ਸਬੰਧੀ ਇੱਕ ਯਤਨ ਨਹੀਂ, ਸਗੋਂ ਇਹ ਮਹਾਂਮਾਰੀ ਦੇ ਕਹਿਰ ਨੂੰ ਰੋਕਣ ਅਤੇ ਲੱਖਾਂ ਪਸੂਆਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਯਕੀਨੀ ਬਣਾਉਣ ਲਈ ਇੱਕ ਅਹਿਮ ਮਿਸਨ ਹੈ ਤਾਂ ਜੋ ਸਾਡੇ ਕਿਸਾਨਾਂ ਦੀ ਰੋਜੀ-ਰੋਟੀ ਸੁਰੱਖਿਅਤ ਹੋ ਸਕੇ। ਅਸੀਂ ਆਪਣੀ ਪੂਰੀ ਵੈਟਰਨਰੀ ਮਸੀਨਰੀ ਨੂੰ ਮਿਸਨ ਮੋਡ ਵਿੱਚ ਤਾਇਨਾਤ ਕਰ ਰਹੇ ਹਾਂ ਤਾਂ ਜੋ ਕੋਈ ਵੀ ਪਸੂ ਜਾਂ ਕਿਸਾਨ ਵਾਂਝਾ ਨਾ ਰਹੇ।
ਇਸ ਕਾਰਜ ਯੋਜਨਾ ਦੇ ਮੁੱਖ ਪਹਿਲੂਆਂ ਨੂੰ ਉਜਾਗਰ ਕਰਦਿਆਂ ਸ. ਖੁੱਡੀਆਂ ਨੇ ਦੱਸਿਆ ਕਿ ਪਾਣੀ ਦੀਆਂ ਬੀਮਾਰੀਆਂ ਨੂੰ ਕੰਟਰੋਲ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਸਹਿਯੋਗ ਨਾਲ ਰੈਪਿਡ ਕਲੀਨ-ਅੱਪ ਅਤੇ ਕੀਟਾਣੂ-ਰਹਿਤ ਮੁਹਿੰਮ ਤਹਿਤ ਸਾਰੇ ਪ੍ਰਭਾਵਿਤ ਪਸੂ ਆਸਰਿਆਂ ਅਤੇ ਫੀਡਿੰਗ ਖੇਤਰਾਂ ਦੀ ਸਫਾਈ ਕਰਨ ਦੇ ਨਾਲ-ਨਾਲ ਉਨਾਂ ਨੂੰ ਕੀਟਾਣੂ-ਰਹਿਤ ਕੀਤਾ ਜਾਵੇਗਾ ਅਤੇ ਵੱਡੇ ਪੱਧਰ ‘ਤੇ ਫੌਗਿੰਗ ਕਰਵਾਈ ਜਾਵੇਗੀ। ਵਿਭਾਗ ਵੱਲੋਂ ਖੜੇ ਪਾਣੀ ਨੂੰ ਕੀਟਾਣੂ-ਰਹਿਤ ਕਰਨ ਅਤੇ ਫੁੱਟ-ਰੋਟ ਵਰਗੇ ਘਾਤਕ ਸੰਕਰਮਣਾਂ ਨੂੰ ਰੋਕਣ ਲਈ ਫੁੱਟ-ਡਿਪ ਬਣਾਉਣ ਵਾਸਤੇ ਕਿਸਾਨਾਂ ਨੂੰ ਪੋਟਾਸੀਅਮ ਪਰਮੈਂਗਨੇਟ (ਕੇਐਮਐਨਓ4) ਕਿ੍ਰਸਟਲ ਵੀ ਮੁਫਤ ਵੰਡੇ ਜਾਣਗੇ। ਇਹ ਸਾਰੇ ਉਪਾਅ 21 ਸਤੰਬਰ, 2025 ਤੱਕ ਲਾਗੂ ਕੀਤੇ ਜਾਣਗੇ।
ਉਨਾਂ ਦੱਸਿਆ ਕਿ ਐਮਰਜੈਂਸੀ ਟੀਕਾਕਰਨ ਪ੍ਰੋਟੋਕੋਲ ਤਹਿਤ ਪਸੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ 30 ਸਤੰਬਰ ਤੱਕ ਸਾਰੇ ਸੰਵੇਦਨਸੀਲ ਪਸੂਆਂ ਨੂੰ ਗਲ ਘੋਟੂ ਰੋਗ ਤੋਂ ਬਚਾਅ ਲਈ ਟੀਕੇ ਦੀਆਂ ਮੁਫਤ ਬੂਸਟਰ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਪਸੂਆਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਘਰ-ਘਰ ਜਾ ਕੇ ਸਿਹਤ ਸਬੰਧੀ ਨਿਗਰਾਨੀ ਅਤੇ ਇਲਾਜ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨਾਂ ਅੱਗੇ ਕਿਹਾ ਕਿ ਵੈਟਰਨਰੀ ਅਫਸਰਾਂ ਅਤੇ ਪੈਰਾ-ਸਟਾਫ ਦੀਆਂ ਟੀਮਾਂ ਤੁਰੰਤ ਦਖ਼ਲ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਤਣਾਅ, ਸੱਟਾਂ ਅਤੇ ਬੀਮਾਰੀ ਦੇ ਲੱਛਣਾਂ ਲਈ ਪਸੂਆਂ ਦੀ ਨਿਗਰਾਨੀ ਕਰਨ ਲਈ ਰੋਜਾਨਾ ਪਿੰਡ ਦੇ ਦੌਰੇ ਕਰ ਰਹੀਆਂ ਹਨ।
ਪਸੂ ਪਾਲਣ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਪੋਸਣ ਸਬੰਧੀ ਕਮੀਆਂ ਅਤੇ ਬੀਮਾਰੀਆਂ ਨਾਲ ਨਜਿੱਠਣ ਲਈ ਜਰੂਰੀ ਦਵਾਈਆਂ ਖਣਿਜ ਮਿਸਰਣ (ਯੂਰੋਮਿਨ ਲਿਕਸ) ਅਤੇ ਸਾਈਲੇਜ ਦੀ ਵੀ ਮੁਫਤ ਵੰਡ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਸੂਆਂ ਲਈ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੇ ਤਾਲਮੇਲ ਨਾਲ ਕਲੋਰੀਨ ਦੀਆਂ ਗੋਲੀਆਂ ਦੀ ਸਪਲਾਈ ਅਤੇ ਵੰਡ ਨੂੰ ਯਕੀਨੀ ਬਣਾਇਆ ਜਾਵੇਗਾ।
ਪਸੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਦੱਸਿਆ ਕਿ ਇੱਕ ਮਜਬੂਤ ਨਿਗਰਾਨ ਢਾਂਚਾ ਵੀ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਪਸੂ ਪਾਲਣ ਡਾਇਰੈਕਟਰ ਦੀ ਅਗਵਾਈ ਵਿੱਚ ਵਿਸੇਸ ਪੋਸਟ-ਫਲੱਡ ਮੌਨੀਟਰਿੰਗ ਟੀਮ ਸਾਮਲ ਹੈ। ਪ੍ਰਭਾਵਿਤ ਜ਼ਿਲਿਆਂ ਦੇ ਡਿਪਟੀ ਡਾਇਰੈਕਟਰ ਜਮੀਨੀ ਪੱਧਰ ‘ਤੇ ਇਸ ਮੁਹਿੰਮ ਦੇ ਅਮਲ ਲਈ ਜ਼ਿੰਮੇਵਾਰ ਹੋਣਗੇ ਅਤੇ ਸਮੀਖਿਆ ਲਈ ਰੋਜਾਨਾ ਪ੍ਰਗਤੀ ਰਿਪੋਰਟਾਂ ਜਮਾਂ ਕਰਵਾਉਣਗੇ। ਇਸ ਮੁਹਿੰਮ ਦੀ ਪ੍ਰਭਾਵਸੀਲਤਾ ਅਤੇ ਪਾਰਦਰਸਤਾ ਨੂੰ ਯਕੀਨੀ ਬਣਾਉਣ ਲਈ ਰਿਪੋਰਟ ਕੀਤੀਆਂ ਗਈਆਂ ਥਾਵਾਂ ਦੇ 20 ਫ਼ੀਸਦੀ ਖੇਤਰ ਵਿੱਚ ਰੋਜਾਨਾ ਖੁਦ ਜਾ ਕੇ ਜਾਂਚ ਕੀਤੀ ਜਾਵੇਗੀ। ਉਨਾਂ ਨੇ ਫੀਲਡ ਸਟਾਫ ਨੂੰ ਇਹ ਵੀ ਨਿਰਦੇਸ ਦਿੱਤੇ ਕਿ ਸੁਰੂਆਤੀ ਤੌਰ ‘ਤੇ ਪਛਾਣੇ ਗਏ 713 ਪਿੰਡਾਂ ਤੋਂ ਇਲਾਵਾ ਇਸ ਮੁਹਿੰਮ ਦਾ ਵਿਸਤਾਰ ਸਥਾਨਕ ਮੁਲਾਂਕਣ ਦੇ ਆਧਾਰ ‘ਤੇ ਸਾਰੇ ਹੜ ਪ੍ਰਭਾਵਿਤ ਪਿੰਡਾਂ ਤੱਕ ਕੀਤਾ ਜਾਵੇਗਾ।
ਉਨਾਂ ਅੱਗੇ ਦੱਸਿਆ ਕਿ ਪਸੂ ਪਾਲਕਾਂ ਨੂੰ ਉਨਾਂ ਦੀਆਂ ਬਰੂਹਾਂ ‘ਤੇ ਸਿੱਧੀ ਸਹਾਇਤਾ ਪਹੁੰਚਾਉਣ ਲਈ ਸਥਾਨਕ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਤਾਲਮੇਲ ਨਾਲ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਵਿਸੇਸ ਜਾਗਰੂਕਤਾ ਅਤੇ ਇਲਾਜ ਕੈਂਪ ਲਗਾਏ ਜਾ ਰਹੇ ਹਨ।