ਨਵੀਂ ਦਿੱਲੀ -ਬੀਤੇ ਦਿਨੀਂ ਸਿੱਖਾਂ ਦੀ ਨਸਲਕੁਸ਼ੀ ਦੀ ਦੋਸ਼ੀ ਕਾਂਗਰਸ ਦੇ ਆਗੂ ਅਤੇ ਗਾਂਧੀ ਪਰਿਵਾਰ ਦੇ ਮੈਂਬਰ ਰਾਹੁਲ ਗਾਂਧੀ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਸਿਰੋਪਾ ਦੇ ਕੇ ਸਨਮਾਨਿਤ ਕਰਕੇ ਸਿੱਖਾਂ ਦੇ ਅੱਲੇ ਜ਼ਖਮਾਂ ’ਤੇ ਨਮਕ ਛਿੜਕਿਆ ਹੈ ਤੇ ਇਸ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ ਜਦਕਿ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਫੈਸਲੇ ਮੁਤਾਬਕ ਗੁਰਦੁਆਰੇ ਦੇ ਦਰਬਾਰ ਸਾਹਿਬ ਅੰਦਰ ਸਿਆਸੀ ਸ਼ਖ਼ਸੀਅਤਾਂ ਨੂੰ ਸਿਰੋਪਾ ਦੇਣ ਉੱਤੇ ਪਾਬੰਦੀ ਲਗਾਈ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਸਿੱਖਾਂ ਦੀ ਨਸਲਕੁਸ਼ੀ ਦੀ ਮੁੱਖ ਦੋਸ਼ੀ ਪਾਰਟੀ ਕਾਂਗਰਸ ਦੇ ਆਗੂ ਅਤੇ ਗਾਂਧੀ ਪਰਿਵਾਰ ਦੇ ਮੈਂਬਰ ਰਾਹੁਲ ਗਾਂਧੀ ਨੂੰ ਗੁਰਦੁਆਰੇ ਤੋਂ ਸਿਰੋਪਾ ਦੇਣਾ ਤਾਂ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਹਾਲੇ ਵੀਂ ਖੁਲੇਆਮ ਘੁੰਮਦੇ ਹੋਏ ਪੀੜਿਤ ਪਰਿਵਾਰਾਂ ਨੂੰ ਚਿੜਾ ਰਹੇ ਹਨ ਤੇ ਪੀੜਿਤ ਪਰਿਵਾਰ ਇੰਨਸਾਫ ਲਈ ਪਿਛਲੇ 41 ਸਾਲਾਂ ਤੋਂ ਹੁਣ ਤਕ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ । ਗਾਂਧੀ ਪਰਿਵਾਰ ਨੇ ਆਪਣੇ ਸੱਤਾ ਦੇ ਨਸ਼ੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਤੇ ਹੋਰ ਬਹੁਤ ਸਾਰੇ ਗੁਰਧਾਮਾਂ ਉਪਰ ਫੌਜ ਚੜ੍ਹਾ ਕੇ ਸਰਕਾਰੀ ਗੁੰਡਾਗਰਦੀ ਦਾ ਜੋ ਕਹਿਰ ਮਚਾਇਆ ਸੀ ਓਹ ਕਦੇ ਵੀਂ ਭੁੱਲਿਆ ਨਹੀਂ ਜਾ ਸਕਦਾ ਹੈ । ਦਿੱਲੀ ਅਤੇ ਹੋਰ ਰਾਜਾ ਵਿੱਚ ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਨੂੰ ਸਿਰਪਾਓ ਦਿੱਤਾ ਗਿਆ ਤੇ ਉਹ ਵੀ ਐਸਜੀਪੀਸੀ ਦੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਾ ਸਾਹਿਬ ਵਿੱਚ, ਇਸ ਤੋਂ ਵੱਧ ਸਿੱਖ ਕੌਮ ਲਈ ਸ਼ਰਮਨਾਕ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ। ਹਾਲਾਂਕਿ ਐਸਜੀਪੀਸੀ ਪ੍ਰਧਾਨ ਜੀ ਵਲੋਂ ਮਾਮਲੇ ਦੀ ਤਹਿਕੀਕਾਤ ਕਰਣ ਦੇ ਆਦੇਸ਼ ਦਿੱਤੇ ਹਨ ਪਰ ਇਸਦੇ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਓਸ ਦਾ ਪਤਾ ਲਗਾਣਾ ਜਿਆਦਾ ਜਰੂਰੀ ਹੈ ।