ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਟਿਆਲਾ ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਉਪਰ ਹੋਈ ਅਣ ਮਨੁੱਖੀ ਤਸ਼ੱਦਦ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਕਿ ਇਸ ਨੂੰ ਕਦੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਨੂੰ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਟਾਰਗੇਟ ਕੀਤਾ ਗਿਆ ਹੈ। ਓਹਨਾ ਕਿਹਾ ਕਿ ਭਾਈ ਸੰਦੀਪ ਸਿੰਘ ਪਿਛਲੇ ਤਿੰਨ ਸਾਲ ਦੇ ਲਗਭਗ ਜੇਲ੍ਹ ਵਿੱਚ ਬੰਦ ਹੈ, ਇਸ ਵਕਫੇ ਦੌਰਾਨ ਭਾਈ ਸੰਦੀਪ ਸਿੰਘ ਦਾ ਰਿਕਾਰਡ ਬੇਹੱਦ ਵਧੀਆ ਰਿਹਾ ਹੈ, ਇਸ ਰਿਕਾਰਡ ਦੇ ਅਧਾਰ ਤੇ ਹੀ ਭਾਈ ਸੰਦੀਪ ਸਿੰਘ ਦੀ ਜਮਾਨਤ ਤੈਅ ਸੀ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ, ਜੇਲ੍ਹ ਪ੍ਰਸ਼ਾਸਨ ਵਲੋ ਭਾਈ ਸੰਦੀਪ ਸਿੰਘ ਮਾਮਲੇ ਵਿੱਚ ਸਾਜਿਸ਼ ਨੂੰ ਪੂਰਾ ਕਰਨ ਦੀ ਵਿਉਂਤਬੰਦੀ ਹੇਠ ਜਾਣ ਬੁੱਝ ਕੇ, ਐਨਕਾਉਂਟਰ ਕਰਨ ਵਾਲੇ ਸਾਬਕਾ ਪੁਲਿਸ ਅਫ਼ਸਰਾਂ ਨੂੰ ਭਾਈ ਸੰਦੀਪ ਸਿੰਘ ਦੀ ਬੈਰਕ ਵਿੱਚ ਰੱਖਿਆ। ਬੈਰਕ ਵਿੱਚ ਹੋਏ ਝਗੜੇ ਦੀ ਜ਼ੁਡੀਸ਼ੀਅਲ ਜਾਂਚ ਕਰਵਾਉਣ ਤੋਂ ਇਨਕਾਰੀ ਹੋ ਚੁੱਕੇ ਜੇਲ੍ਹ ਪ੍ਰਸ਼ਾਸਨ ਨੇ ਕਈ ਘੰਟੇ ਤੱਕ ਭਾਈ ਸੰਦੀਪ ਸਿੰਘ ਉਪਰ ਅਣ ਮਨੁੱਖੀ ਤਸ਼ੱਦਦ ਢਾਹਿਆ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੇਲ੍ਹ ਪ੍ਰਸ਼ਾਸਨ ਨੇ ਅਦਾਲਤੀ ਹੁਕਮਾਂ ਦੀ ਵੀ ਪ੍ਰਵਾਹ ਨਹੀ ਕੀਤੀ। ਜੇਲ੍ਹ ਪ੍ਰਸ਼ਾਸਨ ਨੂੰ ਸਖ਼ਤ ਹੁਕਮ ਹੋਏ ਸਨ, ਤੁਰੰਤ ਭਾਈ ਸੰਦੀਪ ਸਿੰਘ ਦਾ ਮੈਡੀਕਲ ਕਰਵਾਇਆ ਜਾਵੇ, ਪਰ ਅਦਾਲਤ ਦੇ ਹੁਕਮਾਂ ਦੇ ਉਲਟ ਭਾਈ ਸੰਦੀਪ ਸਿੰਘ ਨੂੰ ਸੰਗਰੂਰ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ।
ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਸੰਦੀਪ ਸਿੰਘ ਮਾਮਲੇ ਵਿੱਚ ਜ਼ੁਡੀਸ਼ੀਅਲ ਜਾਂਚ ਮੰਗ ਕਰਦਿਆਂ ਕਿਹਾ ਕਿ, ਭਾਈ ਸੰਦੀਪ ਸਿੰਘ ਨੂੰ ਜਿੱਥੇ ਤੁਰੰਤ ਮੈਡੀਕਲ ਸਹੂਲਤ ਦਿੱਤੀ ਜਾਵੇ ਉਥੇ ਹੀ ਭਾਈ ਸੰਦੀਪ ਸਿੰਘ ਦੇ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਮਿਲੇ। ਓਹਨਾ ਜੇਲ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਵੀ ਦਿੱਤੀ ਕਿ, ਅਜਿਹਾ ਵਤੀਰਾ ਬਰਦਾਸ਼ਤ ਨਹੀਂ ਹੋਵੇਗਾ, ਜੇਕਰ ਭਾਈ ਸੰਦੀਪ ਸਿੰਘ ਨਾਲ ਕੋਈ ਅਣ ਸੁਖਾਵੀਂ ਘਟਨਾ ਵਾਪਰੀ ਤਾਂ ਇਸ ਲਈ ਜੇਲ੍ਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਓਹਨਾ ਕਿਹਾ ਕਿ ਪਾਰਟੀ ਹਮੇਸ਼ਾ ਮਨੁੱਖੀ ਹੱਕਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਲੜਦੀ ਰਹੀ ਹੈ ਤੇ ਜਿਥੋਂ ਤੱਕ ਵੀ ਲੜਾਈ ਲੜਨੀ ਪਈ ਲੜਾਗੇ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਦਿਨ ਵੀ ਪਟਿਆਲਾ ਜੇਲ ਦੇ ਬਾਹਰ ਪਾਰਟੀ ਦੇ ਸੀਨੀਅਰ ਆਗੂ ਐਸਜੀਪੀਸੀ ਮੈਬਰ ਸਤਵਿੰਦਰ ਸਿੰਘ ਟੌਹੜਾ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸਜੀਪੀਸੀ, ਜਥੇਦਾਰ ਸੁਖਵਿੰਦਰ ਸਿੰਘ ਰਾਜਲਾ, ਜਥੇਦਾਰ ਭੁਪਿੰਦਰ ਸਿੰਘ ਸ਼ੇਖੂਪੁਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।