ਅੰਮ੍ਰਿਤਸਰ-ਖਾਲਸਾ ਕਾਲਜ ਦੇ ਕੈਂਪਸ ਸਥਿਤ ਗੁਰਦੁਆਰਾ ਵਿਖੇ ਹੜ੍ਹ ਪੀੜਤਾਂ ਦੀ ਸੁੱਖ-ਸ਼ਾਂਤੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਅਰਦਾਸ ਦਿਵਸ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਹਿਯੋਗ ਨਾਲ ਯੁਵਕ ਭਲਾਈ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਕਰਵਾਏ ਗਏ ਉਕਤ ਪ੍ਰੋਗਰਾਮ ਮੌਕੇ ਗੁਰਮਤਿ ਸਟੱਡੀ ਸੈਂਟਰ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਗੁਰ ਜੱਸ ਗਾਇਨ ਕਰਕੇ ਹਾਜ਼ਰ ਸੰਗਤ ਨੂੰ ਗੁਰ ਚਰਨਾਂ ਨਾਲ ਜੋੜਿਆ ਗਿਆ।
ਇਸ ਦੌਰਾਨ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਜ਼ਿਲ੍ਹੇ ਨਾਲ ਲੱਗਦੇ ਰਮਦਾਸ, ਅਜਨਾਲਾ, ਡੇਰਾ ਬਾਬਾ ਨਾਨਕ, ਗੋਗੋਮਾਹਲ, ਘੋਨੇਵਾਲ, ਮਾਛੀਵਾਹਲਾ ਆਦਿ ਹੋਰ ਪਿੰਡਾਂ ’ਚ ਵਾਪਰੀ ਕੁਦਰਤੀ ਕਰੋਪੀ ਕਾਰਨ ਹੋਏ ਲੋਕਾਂ ਦੇ ਹੋਏ ਨੁਕਸਾਨ ਸਬੰਧੀ ਰਾਹਤ ਸਮੱਗਰੀ ਦੇ ਨਾਲ-ਨਾਲ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਕੌਂਸਲ ਅਧੀਨ ਆਉਂਦੀਆਂ ਸਮੂੰਹ ਸੰਸਥਾਵਾਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਜਰੂਰਤ ਮੁਤਾਬਕ ਸਮੇਂ-ਸਮੇਂ ’ਤੇ ਉਕਤ ਸਹਾਇਤਾ ਇਵੇਂ ਹੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਰੋਨਾ ਕਾਲ ਸਮੇਂ ਵੀ ਕੌਂਸਲ ਦੁਆਰਾ ਆਪਣਾ ਮਹੱਤਵਪੂਰਨ ਯੋਗਦਾਨ ਪਾਉਂਦਿਆਂ ਵੱਖ-ਵੱਖ ਖ਼ਾਲਸਾ ਅਦਾਰਿਆਂ ਵੱਲੋਂ ਸੈਨਾਟਾਈਜ਼ਰ ਅਤੇ ਮਾਸਕ ਸਬੰਧੀ ਅਹਿਮ ਭੂਮਿਕਾ ਨਿਭਾਈ ਗਈ ਸੀ।
ਉਨ੍ਹਾਂ ਕਿਹਾ ਕਿ ਮੌਜ਼ੂਦ ਸਮੇਂ ’ਚ ਸੂਬੇ ’ਚ ਹੜ੍ਹ ਕਾਰਨ ਲੋਕਾਂ ਦੇ ਘਰਾਂ, ਪਸ਼ੂਆਂ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ, ਇਸ ਲਈ ਸਾਨੂੰ ਸਭਨਾਂ ਨੂੰ ਪੀੜਤ ਲੋਕਾਂ ਦੀ ਇਕਜੁਟ ਹੋ ਕੇ ਸਹਾਇਤਾ ਕਰਨੀ ਚਾਹੀਦੀ ਹੈ। ਕੌਂਸਲ ਦੀ ਹਮੇਸ਼ਾਂ ਇਹੋ ਕੋਸ਼ਿਸ਼ ਰਹੀ ਹੈ ਕਿ ਜਦ ਕਦੇ ਵੀ ਸੂਬੇ ’ਚ ਜੇਕਰ ਕਿਧਰੇ ਕੋਈ ਸੰਕਟ, ਬਿਪਤਾ ਆਈ ਹੈ ਤਾਂ ਉਹ ਸੂਬਾ ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹੀ ਹੋਈ ਹੈ ਅਤੇ ਅੱਜ ਇਸੇ ਮਕਸਦ ਤਹਿਤ ਪੰਜਾਬ ਦੀ ਖੁਸ਼ਹਾਲੀ, ਤਰੱਕੀ ਅਤੇ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਸੁੱਖ-ਸ਼ਾਂਤੀ ਅਤੇ ਮੁੜ ਵਸੇਬੇ ਦੀ ਪ੍ਰਮਾਤਮਾ ਅੱਗੇ ਅਰਦਾਸ ਅਰਜੋਈ ਕੀਤੀ ਗਈ ਹੈ ਕਿ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ’ਚ ਰੱਖੇ ਅਤੇ ਜੋ ਪਿੰਡ ਹੜ੍ਹ ਕਾਰਨ ਉਜਰ ਗਏ ਹਨ ਉਹ ਮੁੜ ਫ਼ਿਰ ਤੋਂ ਪਟੜੀ ’ਤੇ ਆਵੇ। ਇਸ ਮੌਕੇ ਡਾ. ਦਵਿੰਦਰ ਸਿੰਘ, ਡਾ. ਦੀਪਕ ਦੇਵਗਨ, ਡਾ. ਹਰਦੇਵ ਸਿੰਘ, ਡਾ. ਦਲਜੀਤ ਸਿੰਘ ਸਮੇਤ ਸਮੂੰਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।